ਇਹ ਸਾਡੇ ਜੀਵਨ ਦੇ ਸਭ ਤੋਂ ਦਿਲ-ਵਲੂੰਧਰੂ ਪਲਾਂ ਵਿੱਚੋਂ ਇੱਕ ਰਿਹਾ ਜੋ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਪਹਿਲਕਦਮੀ ਨਾਲ਼ 7 ਜੂਨ, ਬੁੱਧਵਾਰ ਨੂੰ ਚੁੱਕਿਆ ਗਿਆ। ਮੈਨੂੰ ਇਹ ਦੱਸਦਿਆਂ ਫਖ਼ਰ ਮਹਿਸੂਸ ਹੋ ਰਿਹਾ ਹੈ ਕਿ ਇਹ ਅਯੋਜਨ ਪਾਰੀ (PARI) ਦੀ ਪਹਿਲ ਨਾਲ਼ ਹੋਇਆ। ਤੁਹਾਨੂੰ ਇਹ ਸਟੋਰੀ ਚੇਤੇ ਹੈ, ਕੈਪਟਨ ਭਾਊ ਅਤੇ ਤੂਫਾਨ ਸੈਨਾ ? ਇਸ ਮੌਕੇ 'ਤੇ ਵੀ ਕੈਪਟਨ ਭਾਊ ਅਤੇ ਹੋਰ ਵਿਸਾਰੇ ਜਾ ਚੁੱਕੇ ਨਾਇਕਾਂ ਨੂੰ ਸ਼ਾਮਲ ਕੀਤਾ ਗਿਆ।

ਜਿਵੇਂ-ਜਿਵੇਂ ਵਰ੍ਹੇ ਬੀਤਦੇ ਜਾ ਰਹੇ ਹਨ, ਉਦਾਸੀ ਵੀ ਵੱਧਦੀ ਜਾਂਦੀ ਹੈ: ਭਾਰਤ ਦੀ ਅਜ਼ਾਦੀ ਦੇ ਘੋਲ਼ ਦੇ ਅੰਤਮ ਯੋਧੇ ਸਾਡੇ ਤੋਂ ਦੂਰ ਹੋ ਰਹੇ ਹਨ। ਭਾਰਤੀ ਬੱਚਿਆਂ ਦੀ ਅਗਲੇਰੀ ਪੀੜ੍ਹੀ ਸਾਨੂੰ ਅਜ਼ਾਦੀ ਦਵਾਉਣ ਵਾਲ਼ੇ ਇਨ੍ਹਾਂ ਸੂਰਮਿਆਂ ਵਿੱਚੋਂ ਕਿਸੇ ਨੂੰ ਵੀ ਨਾ ਤਾਂ ਦੇਖ ਪਾਏਗੀ ਅਤੇ ਨਾ ਹੀ ਸੁਣ ਪਾਏਗੀ। ਸ਼ਾਇਦ, ਇਸ ਲੇਖ ਨੂੰ ਪੜ੍ਹਨ ਵਾਲ਼ੇ ਕਈ ਲੋਕ ਵੀ ਇਸ ਤਜ਼ਰਬੇ ਵਿੱਚੋਂ ਪਹਿਲਾਂ ਨਹੀਂ ਲੰਘੇ ਹੋਣਗੇ।

ਇਸਲਈ, ਵਰ੍ਹਿਆਂ ਤੋਂ, ਮੈਂ ਉਸ ਘੋਲ਼ ਦੇ ਬਜ਼ੁਰਗ ਪੁਰਖਾਂ ਅਤੇ ਔਰਤਾਂ ਨੂੰ ਰਿਕਾਰਡ ਅਤੇ ਡਾਕੂਮੈਂਟ ਕਰਦਾ ਰਿਹਾ ਹਾਂ, ਉਨ੍ਹਾਂ 'ਤੇ ਅਧਾਰਤ ਫਿਲਮ ਬਣਾਉਂਦਾ ਰਿਹਾ ਹਾਂ, ਉਨ੍ਹਾਂ ਬਾਰੇ ਲਿਖਦਾ ਰਿਹਾ ਹਾਂ। ਹਰ ਵਾਰ ਇਸੇ ਗੱਲ ਦਾ ਅਫ਼ਸੋਸ ਜਾਹਰ ਕਰਦਿਆਂ ਕਿ ਉਨ੍ਹਾਂ ਵਿੱਚੋਂ ਬਹੁਤੇਰੇ ਇੱਕ ਦਿਨ ਬਿਨਾ ਕਿਸੇ ਪੁਰਸਕਾਰ ਦੇ, ਬਿਨਾਂ ਕੋਈ ਸਮਾਜਿਕ ਪ੍ਰਵਾਨਗੀ ਮਿਲ਼ੇ ਮਲਕੜੇ ਜਿਹੇ ਅੱਖਾਂ ਮੀਟ ਲੈਣਗੇ।

ਵੀਡਿਓ ਦੇਖੋ : ਗੋਪਾਲ ਕ੍ਰਿਸ਼ਨ ਗਾਂਧੀ ਅਤੇ ਹੋਰ ਲੋਕ, ਸ਼ੇਨੋਲੀ ਦੇ ਇਸ ਛੋਟੇ ' ਇਤਿਹਾਸਕ ਸਥਲ ' ਵਿਖੇ, ਜਿਹਨੂੰ ਬ੍ਰਿਟਿਸ਼ ਭਾਰਤੀ ਰੇਲਵੇ ਨੇ ਤੂਫਾਨ ਸੈਨਾ ਦੁਆਰਾ 7 ਜੂਨ, 1943 ਨੂੰ ਆਪਣੀ ਰੇਲ ਹਮਲੇ ਦੀ ਯਾਦ ਵਿੱਚ ਬਣਾਇਆ ਸੀ

ਇਸੇ ਲਈ, ਅਸੀਂ ਸਤਾਰਾ ਦੀ ਪ੍ਰਤੀ ਸਰਕਾਰ ਜਾਂ 1943 ਦੀ ਆਰਜ਼ੀ, ਭੂਮੀਗਤ ਸਰਕਾਰ ਦੇ ਅੰਤਮ ਜੀਵਤ ਯੋਧਿਆਂ ਨੂੰ ਮੁੜ ਤੋਂ ਇੱਕ ਥਾਵੇਂ ਇਕੱਠਿਆਂ ਕਰਨ ਵਿੱਚ ਮਦਦ ਕੀਤੀ ਅਤੇ ਇਸ ਤਰ੍ਹਾਂ ਮਹਾਰਾਸ਼ਟਰ  ਦੇ ਸਤਾਰਾ ਅਤੇ ਸਾਂਗਲੀ ਜਿਲ੍ਹਿਆਂ ਦੀ ਤੂਫਾਨ ਸੈਨਾ ਦੇ ਬਜ਼ੁਰਗ ਸੈਨਿਕਾਂ ਅਤੇ ਹੋਰ ਅਜ਼ਾਦੀ ਘੁਲਾਟੀਆਂ ਨੂੰ 7 ਜੂਨ ਨੂੰ ਸਨਮਾਨਤ ਕੀਤਾ ਗਿਆ। ਠੀਕ ਇਸੇ ਦਿਨ, 1943 ਵਿੱਚ ਉਨ੍ਹਾਂ ਨੇ ਸਤਾਰਾ ਦੇ ਸ਼ੇਨੋਲੀ ਪਿੰਡ ਵਿੱਚ ਬ੍ਰਿਟਿਸ਼-ਰਾਜ ਦੇ ਕਰਮੀਆਂ ਦੀ ਤਨਖਾਹ ਲਿਜਾ ਰਹੀ ਰੇਲ 'ਤੇ ਹਮਲਾ ਕੀਤਾ ਸੀ। ਇਸ ਲੁੱਟੀ ਗਈ ਤਨਖਾਹ ਨੂੰ, ਉਨ੍ਹਾਂ ਨੇ ਗ਼ਰੀਬਾਂ ਅਤੇ ਆਪਣੇ ਦੁਆਰਾ ਸਥਾਪਤ ਪ੍ਰਤੀ ਸਰਕਾਰ ਦੇ ਕਾਰਜਾਂ ਲਈ ਵੰਡ ਦਿੱਤਾ ਸੀ।

ਅਸੀਂ ਸੇਵਾਮੁਕਤ ਸਿਆਸਤਦਾਨ, ਪੱਛਮ ਬੰਗਾਲ ਦੇ ਸਾਬਕਾ ਰਾਜਪਾਲ ਅਤੇ ਮਹਾਤਮਾ ਗਾਂਧੀ ਦੇ ਪੋਤੇ, ਗੋਪਾਲ ਕ੍ਰਿਸ਼ਨ ਗਾਂਧੀ ਤੋਂ ਪੁੱਛਿਆ ਕਿ ਉਹ ਇਸ ਮੌਕੇ 'ਤੇ ਬੋਲਣ ਵਾਸਤੇ ਦਿੱਲੀ ਪਧਾਰਨ। ਉਹ ਆਏ ਅਤੇ ਇੱਥੇ ਅੱਖੀ ਡਿੱਠੇ ਤੋਂ ਕਾਫੀ ਪ੍ਰਭਾਵਤ ਵੀ ਹੋਏ।

ਤੂਫਾਨ ਸੈਨਾ, ਪ੍ਰਤੀ ਸਰਕਾਰ ਦੀ ਹਥਿਆਰਬੰਦ ਸ਼ਾਖਾ ਸੀ। ਇਹ ਭਾਰਤ ਦੀ ਅਜ਼ਾਦੀ ਦੇ ਘੋਲ਼ ਦਾ ਇੱਕ ਵਿਲੱਖਣ ਅਧਿਆਇ ਹੈ। ਸਾਲ 1942 ਦੇ ਭਾਰਤ ਛੱਡੋ ਅੰਦੋਲਨ ਤੋਂ ਨਿਕਲ਼ਣ ਵਾਲ਼ੇ ਇਨਕਲਾਬੀਆਂ ਦੇ ਇਸ ਹਥਿਆਰਬੰਦ ਦਸਤੇ ਨੇ ਸਤਾਰਾ ਵਿੱਚ ਇੱਕ ਸਮਾਨਾਂਤਰ ਸਰਕਾਰ ਦਾ ਐਲਾਨ ਕੀਤਾ, ਉਦੋਂ ਇਹ ਇੱਕ ਵੱਡਾ ਜਿਲ੍ਹਾ ਸੀ ਜਿਸ ਵਿੱਚ ਅੱਜ ਦਾ ਸਾਂਗਲੀ ਵੀ ਸ਼ਾਮਲ ਸੀ।

Haunsai bai and Nana Patil felicitation
PHOTO • Namita Waikar ,  Samyukta Shastri

ਗੋਪਾਲ ਗਾਂਧੀ ਕੁੰਡਲ ਵਿੱਚ ਅਯੋਜਿਤ ਸਮਾਰੋਹ ਵਿੱਚ ਪ੍ਰਤੀ ਸਰਕਾਰ ਦੇ ਨਾਇਕ ਨਾਨਾ ਪਾਟਿਲ ਦੀ ਧੀ ਹੌਂਸਾਤਾਈ ਪਾਟਿਲ (ਖੱਬੇ) ਨੂੰ ਸਨਮਾਨਤ ਕਰਦਿਆਂ ਅਤੇ ਮਾਧਵ ਰਾਓ ਮਾਨੇ (ਸੱਜੇ)ਨੂੰ ਸਨਮਾਨ ਦਿੰਦਿਆਂ

ਸ਼ੇਨੋਲੀ ਵਿੱਚ ਰੇਲਵੇ ਲਾਈਨ ਦੀ ਇਸ ਇਤਿਹਾਸਕ ਥਾਂ ਵਿਖੇ, ਅਸੀਂ ਕੁਝ ਅਜ਼ਾਦੀ ਘੁਲਾਟੀਆਂ ਦੇ ਨਾਲ਼ ਇਸ ਇਤਿਹਾਸਕ ਘਟਨਾ ਦੇ ਸਨਮਾਨ ਵਿੱਚ ਇੱਕ ਛੋਟੇ ਜਿਹੇ ਸਮਾਰੋਹ ਦਾ ਅਯੋਜਨ ਕੀਤਾ। ਗਰਮੀ ਦੀ ਦੁਪਹਿਰ 3 ਵਜੇ ਵੀ ਉੱਥੇ 250 ਲੋਕ ਜਮ੍ਹਾਂ ਹੋ ਗਏ। 80 ਅਤੇ 90 ਸਾਲ ਦੀ ਉਮਰ ਦੇ ਕਈ ਲੋਕ ਰੇਲਵੇ ਲਾਈਨ ਦੇ ਆਸਪਾਸ ਇਸ ਤਰ੍ਹਾਂ ਤੇਜੀ ਨਾਲ਼ ਤੁਰ ਰਹੇ ਸਨ, ਜਿਵੇਂ ਛੋਟੇ ਬੱਚੇ ਪਾਰਕ ਵਿੱਚ ਟਪੂਸੀਆਂ ਮਾਰਦੇ ਰਹਿੰਦੇ ਹਨ। ਉਨ੍ਹਾਂ ਲਈ ਇਹ ਇੱਕ ਸੰਗਮ ਸੀ, ਜੋ ਅਜ਼ਾਦੀ ਦੇ ਘੋਲ਼ ਦੀਆਂ ਵੱਖੋ-ਵੱਖ ਧਾਰਾਵਾਂ ਦੇ ਮਿਲ਼ਣ ਦੀ ਥਾਂ ਅਤੇ ਇੱਥੇ ਪੁਰਾਣੇ ਹਥਿਆਰਬੰਦ ਯੁੱਧ ਦੇ ਇਨਕਲਾਬੀ ਸਨ, ਜੋ ਗੋਪਾਲਕ੍ਰਿਸ਼ਨ ਗਾਂਧੀ ਦੇ ਨਾਲ਼ ਗਰਮਜੋਸ਼ੀ ਨਾਲ਼ ਗਲ਼ੇ ਮਿਲ਼ ਰਹੇ ਸਨ ਅਤੇ 'ਮਹਾਤਮਾ ਗਾਂਧੀ ਕੀ ਜੈ ' ਦੇ ਨਾਅਰੇ ਲਾ ਰਹੇ ਸਨ। ਖਾਸ ਕਰਕੇ 95 ਸਾਲ ਦੇ ਕੈਪਟਨ ਭਾਊ; ਫ਼ਖਰ ਦੇ ਹੰਝੂਆਂ ਦੇ ਨਾਲ਼ ਉਨ੍ਹਾਂ ਦੀਆਂ ਅੱਖਾਂ ਭਿੱਜੀਆਂ ਹੋਈਆਂ ਸਨ, ਉਹ ਬੀਮਾਰ ਸਨ, ਪਰ ਇਸ ਸਮਾਰੋਹ ਵਿੱਚ ਹਿੱਸਾ ਲੈਣ ਲਈ ਵਚਨਬੱਧ ਸਨ। 94 ਸਾਲ ਦੇ ਮਾਧਵ ਰਾਓ ਮਾਣੇ, ਰੇਲਵੇ ਲਾਈਨ ਦੇ ਕੋਲ਼ ਇੱਕ ਚੰਚਲ ਬੱਚੇ ਵਾਂਗ ਜਾ ਰਹੇ ਸਨ ਅਤੇ ਮੈਂ ਉਨ੍ਹਾਂ ਪਿੱਛੇ ਭੱਜ ਰਿਹਾ ਸਾਂ, ਇਸ ਡਰੋਂ ਕਿ ਕਿਤੇ ਉਹ ਡਿੱਗ ਹੀ ਨਾ ਪੈਣ। ਪਰ ਉਹ ਡਿੱਗੇ ਨਹੀਂ। ਨਾ ਹੀ ਉਨ੍ਹਾਂ ਦੀ ਹੱਸਣਾ ਕਦੇ ਰੁਕਿਆ।

ਆਖ਼ਰਕਾਰ ਅਸੀਂ ਉਸ ਇਤਿਹਾਸਕ ਥਾਂ 'ਤੇ ਆਣ ਪੁੱਜੇ, ਜਿਹਦੇ ਕੋਨੇ ਵਿੱਚ ਸੈਨਿਕਾਂ ਨੇ 74 ਸਾਲ ਪਹਿਲਾਂ ਰੇਲ ਨੂੰ ਰੋਕਿਆ ਸੀ ਅਤੇ ਉਸ 'ਤੇ ਸਵਾਰ ਹੋ ਗਏ ਸਨ। ਇੱਥੇ ਇੱਕ ਛੋਟਾ ਜਿਹਾ ਸਮਾਰਕ ਹੈ। ਇਨਕਲਾਬੀਆਂ ਵਾਸਤੇ ਨਹੀਂ ਸਗੋਂ ਬ੍ਰਿਟਿਸ਼ ਭਾਰਤੀ ਰੇਲਵੇ ਨੇ ਇਹਨੂੰ ਹਮਲੇ ਦਾ ਮਾਤਮ ਮਨਾਉਣ ਲਈ ਸਥਾਪਤ ਕੀਤਾ ਸੀ। ਸ਼ਾਇਦ ਉਸ ਦਿਨ ਦੇ ਸਹੀ ਮਾਅਨਿਆਂ ਨੂੰ ਚਿੰਨ੍ਹਿਤ ਕਰਦਿਆਂ ਇੱਕ ਹੋਰ ਸਮਾਰਕ ਦਾ ਨੀਂਹ ਪੱਥਰ ਰੱਖਣ ਦਾ ਸਮਾਂ ਆ ਗਿਆ ਹੈ।

ਬਾਅਦ ਵਿੱਚ ਅਸੀਂ ਇੱਕ ਵੱਡੇ ਪ੍ਰੋਗਰਾਮ ਵਾਸਤੇ ਕੁੰਡਲ ਗਏ ਜੋ 1943 ਵਿੱਚ ਪ੍ਰਤੀ ਸਰਕਾਰ ਦੀ ਸੀਟ ਸੀ; ਸ਼ੇਨੋਲੀ ਤੋਂ ਇੱਥੋਂ ਤੱਕ ਪਹੁੰਚਣ ਵਿੱਚ 20 ਮਿੰਟ ਲੱਗਦੇ ਹਨ। ਇਸ ਪ੍ਰੋਗਰਾਮ ਦਾ ਅਯੋਜਨ ਸਥਾਨਕ ਨਿਵਾਸੀਆਂ ਅਤੇ ਅਸਲੀ ਯੋਧਿਆਂ ਦੇ ਪਰਿਵਾਰ ਵਾਲ਼ਿਆਂ ਨੇ ਕੀਤਾ ਸੀ। ਜੀਡੀ ਬਾਪੂ ਲਾਡ, ਨਾਗ ਨਾਥ ਨਾਇਕਵਾੜੀ, ਨਾਨਾ ਪਾਟਿਲ ( ਪ੍ਰਤੀ ਸਰਕਾਰ ਦੇ ਮੁਖੀਆ) ਦੇ ਪਰਿਵਾਰਾਂ ਦੇ ਜ਼ਰੀਏ। 1943 ਦੇ ਚਾਰ ਮਹਾਨ ਯੋਧਿਆਂ ਵਿੱਚੋਂ ਸਿਰਫ਼ ਇੱਕ ਇਸ ਸਮੇਂ ਜੀਵਤ ਹਨ ਅਤੇ ਇਸਲਈ ਉਹ ਇਸ ਸਮਾਰੋਹ ਵਿੱਚ ਸ਼ਰੀਕ ਹੋ ਸਕੇ ਅਤੇ ਉਹ ਹਨ ਕੈਪਟਨ ਭਾਊ। ਇਸ ਤੋਂ ਇਲਾਵਾ, ਇੱਥੇ ਜੀਵਤ ਅਤੇ ਕੁਸ਼ਲ ਬੁਲਾਰਾ, ਨਾਨਾ ਪਾਟਿਲ ਦੀ ਧੀ ਵੀ ਸਨ, ਹੌਂਸਾਤਾਈ ਪਾਟਿਲ, ਖੁਦ ਇਸ ਇਨਕਲਾਬੀ ਭੂਮੀਗਤ ਦਸਤੇ ਦੀ ਇੱਕ ਮੈਂਬਰ ਸਨ। ਕੈਪਟਨ ਭਾਊ, ਉਹ ਮਹਾਨ ਬਜ਼ੁਰਗ ਹਨ ਜੋ ਠੀਕ ਦੋ ਦਿਨ ਪਹਿਲਾਂ ਸੜਕਾਂ 'ਤੇ ਸਨ। ਹਾਂ, ਮਹਾਰਾਸ਼ਟਰ ਦੇ ਨਰਾਜ਼ ਕਿਸਾਨਾਂ ਦੇ ਹਿਮਾਇਤ ਵਿੱਚ। ਯਾਦ ਕਰੋ: ਕਾਫੀ ਸਾਰੇ ਅਜ਼ਾਦੀ ਘੁਲਾਟੀਏ ਖੁਦ ਕਿਸਾਨ ਜਾਂ ਖੇਤ ਮਜ਼ਦੂਰ ਹੀ ਸਨ। ਉਨ੍ਹਾਂ ਵਿੱਚੋਂ ਕਈਆਂ ਦੇ ਪਰਿਵਾਰ ਵਾਲ਼ੇ ਅੱਜ ਵੀ ਇਸੇ ਕੰਮ ਨਾਲ਼ ਜੁੜੇ ਹਨ।

ਵੀਡਿਓ ਦੇਖੋ : ਬਜ਼ੁਰਗ ਅਜ਼ਾਦੀ ਘੁਲਾਟੀਏ ਕੁੰਡਲ ਦੇ ਲੋਕਾਂ ਦੇ ਸ਼ਾਨਦਾਰ ਸਵਾਗਤ ਦਾ ਸ਼ੁਕਰੀਆ ਅਦਾ ਕਰਨ ਲਈ ਖੜ੍ਹੇ ਹੋ ਗਏ

ਮਹਾਰਾਸ਼ਟਰ ਸਰਕਾਰ ਨੇ 7 ਜੂਨ ਦੀ ਵਰ੍ਹੇਗੰਢ ਸਾਡੇ ਨਾਲ਼ੋਂ ਕੁਝ ਅੱਡ ਢੰਗ ਨਾਲ਼ ਮਨਾਈ। ਅਤੇ 1943 ਦੇ ਬ੍ਰਿਟਿਸ਼ ਰਾਜ ਨਾਲ਼ ਰਲ਼ਦੇ-ਮਿਲ਼ਦੇ ਤਰੀਕੇ ਨਾਲ਼। ਕਿਸਾਨਾਂ ਖਿਲਾਫ਼ ਕਾਰਵਾਈ ਕਰਨ ਵਾਸਤੇ ਪੁਲਿਸ ਭੇਜ ਕੇ। ਇਹਦੇ ਕਰਕੇ ਅਜ਼ਾਦੀ ਘੁਲਾਟੀਆਂ ਦੇ ਪ੍ਰੋਗਰਾਮ ਦੀ ਤਿਆਰੀ ਵਿੱਚ ਨੁਕਸਾਨ ਹੋਇਆ। ਕਈ ਕਿਸਾਨਾਂ ਅਤੇ ਕਿਸਾਨ ਕਾਰਕੁੰਨਾਂ ਨੂੰ ਫੜ੍ਹ ਕੇ ਜੇਲ੍ਹ ਵਿੱਚ ਪਾ ਦਿੱਤਾ ਗਿਆ, ਇਸ ਗ੍ਰਿਫ਼ਤਾਰ ਨੂੰ 'ਸੁਰੱਖਿਆ ਦੇ ਲਿਹਾਜ ਨਾਲ਼ ਹੋਈ ਗ੍ਰਿਫ਼ਤਾਰੀ' ਦਾ ਗਲਾਫ ਚੜ੍ਹਾਇਆ ਗਿਆ। ਇਹ ਗੈਰ-ਕਨੂੰਨੀ ਸੀ, ਜਿਹਦੇ ਅੰਤ ਵਿੱਚ ਕੋਈ ਮਾਮਲਾ ਦਰਜ਼ ਨਹੀਂ ਕੀਤਾ ਗਿਆ। ਸ਼ੇਨੋਲੀ ਅਤੇ ਕੁੰਡਲ ਵਿੱਚ ਅਜ਼ਾਦੀ ਘੁਲਾਟੀਆਂ ਲਈ ਬੈਠਕਾਂ ਅਯੋਜਿਤ ਕਰਾਉਣ ਵਾਲ਼ੇ ਪ੍ਰਮੁਖ ਅਯੋਜਕ ਸਨ ਕਿਸਾਨ ਸਭਾ ਦੇ ਉਮੇਸ਼ ਦੇਸ਼ਮੁਖ। ਮੰਦਭਾਗੀਂ, ਉਹ ਖੁਦ ਇਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਸ਼ਰੀਕ ਨਾ ਹੋ ਸਕੇ। ਉਨ੍ਹਾਂ ਨੂੰ ਸਵੇਰੇ 5.30 ਵਜੇ ਚੁੱਕ ਲਿਆ ਗਿਆ ਅਤੇ ਅੱਠ ਹੋਰਨਾਂ ਲੋਕਾਂ ਦੇ ਨਾਲ਼ ਤਾਸਗਾਓਂ ਪੁਲਿਸ ਸਟੇਸ਼ਨ ਦੇ ਹਵਾਲਾਤ ਵਿੱਚ ਪਾ ਦਿੱਤਾ। ਉਮੇਸ਼ ਹੀ ਉਹ ਵਿਅਕਤੀ ਸਨ ਜੋ ਪੁਰਾਣੇ ਯੋਧਿਆਂ ਦੇ ਘਰ-ਘਰ ਜਾ ਕੇ ਉਨ੍ਹਾਂ ਨੂੰ ਸੱਦਾ ਦਿਆ ਕਰਦੇ ਸਨ, ਹੁਣ ਵੀ ਉਨ੍ਹਾਂ ਨੂੰ ਫਿਰ ਤੋਂ ਇਕੱਠਿਆਂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਇੰਝ ਦੋਵੇਂ ਬੈਠਕਾਂ ਹੋਈਆਂ, ਕੁੰਡਲ ਦੇ ਪ੍ਰੋਗਰਾਮ ਵਿੱਚ 20 ਅਜ਼ਾਦੀ ਘੁਲਾਟੀਏ ਸ਼ਰੀਕ ਹੋਏ, ਇੱਕ ਵੀ ਕੁਰਸੀ ਖਾਲੀ ਨਹੀਂ ਸੀ, ਕਈ ਲੋਕ ਖੜ੍ਹੇ ਰਹੇ। ਗੋਪਾਲ ਗਾਂਧੀ ਨੇ ਦਰਸ਼ਕਾਂ ਨੂੰ ਸੰਬੋਧਨ ਕੀਤਾ, ਜਿਹਨੂੰ ਉਨ੍ਹਾਂ ਨੇ ਧਿਆਨਪੂਰਵਕ ਸੁਣਿਆ: ਅਜ਼ਾਦੀ ਦੇ ਘੋਲ ਬਾਰੇ, ਉਹਦੇ ਪ੍ਰਤੀ ਮਹਾਤਮਾ ਗਾਂਧੀ ਦੇ ਸਿਧਾਂਤ ਬਾਰੇ, ਪੁਰਾਣੇ ਯੋਧਿਆਂ ਪ੍ਰਤੀ ਗੋਪਾਲ ਦੇ ਸਨਮਾਨ ਬਾਰੇ, ਖੁਦ ਸਾਡੇ ਜ਼ਮਾਨੇ ਅਤੇ ਵਿਵਹਾਰ ਬਾਰੇ।

ਜਿਓਂ ਹੀ ਉਨ੍ਹਾਂ ਨੇ ਆਪਣੀ ਗੱਲ ਮੁਕਾਈ, ਦਰਸ਼ਕ ਖੜ੍ਹੇ ਹੋ ਗਏ ਅਤੇ ਅਜ਼ਾਦੀ ਘੁਲਾਟੀਆਂ ਦਾ ਖੜ੍ਹੇ ਹੋ ਕੇ ਸਵਾਗਤ ਕੀਤਾ; ਇਹ ਸਿਲਸਿਲਾ ਦੇਰ ਤੱਕ ਚੱਲਦਾ ਰਿਹਾ, ਇੰਨੀ ਦੇਰ ਤੱਕ ਕਿ ਕਿਸੇ ਨੇ ਸੋਚਿਆ ਵੀ ਨਹੀਂ ਸੀ। ਕੁੰਡਲ ਆਪਣੇ ਨਾਇਕ ਅਤੇ ਨਾਇਕਾਵਾਂ ਨੂੰ ਸਲਾਮ ਕਰ ਰਿਹਾ ਸੀ। ਕਈ ਅੱਖਾਂ ਵਿੱਚ ਹੰਝੂ ਸਨ। ਮੇਰੀਆਂ ਅੱਖਾਂ ਵੀ ਨਮ ਸਨ, ਕਿਉਂਕਿ ਮੈਂ ਵੀ ਉੱਥੇ 90 ਸਾਲ ਦੀ ਉਮਰ ਦੇ ਇਨ੍ਹਾਂ ਮਹਾਨ ਪੁਰਖਾਂ ਅਤੇ ਔਰਤਾਂ ਦੇ ਸਨਮਾਨ ਵਿੱਚ ਤਾੜੀ ਵਜਾਉਂਦਾ ਹੋਇਆ ਖੜ੍ਹਾ ਸਾਂ, ਮੇਰੀਆਂ ਤਾੜੀਆਂ ਵਿੱਚ ਫ਼ਖਰ ਅਤੇ ਖੁਸ਼ੀ ਭਰੀ ਹੋਈ ਸੀ, ਉਨ੍ਹਾਂ ਦਾ ਸ਼ਹਿਰ ਉਨ੍ਹਾਂ ਨੂੰ ਇਸ ਅੰਦਾਜ਼ ਵਿੱਚ ਮਾਨਤਾ ਦੇ ਰਿਹਾ ਸੀ। ਇਹ ਉਨ੍ਹਾਂ ਦੇ ਜੀਵਨ ਦੇ ਅੰਤਮ ਵਰ੍ਹਿਆਂ ਦੇ ਸ਼ਾਨਦਾਰ ਪਲ ਸਨ। ਉਨ੍ਹਾਂ ਦੀ ਅੰਤਮ ਜੈ-ਜੈਕਾਰ ਸੀ।

Freedom fighter program
PHOTO • Samyukta Shastri

ਦਰਸ਼ਕ ਅਜ਼ਾਦੀ ਘੁਲਾਟੀਆਂ ਦੀ ਸਰਾਹਨਾ ਕਰਨ ਲਈ ਖੜ੍ਹੇ ਹਨ। ਸੱਜੇ : 95 ਸਾਲ ਬਹਾਦਰ ਸਿਪਾਹੀ ਕੈਪਟਨ ਭਾਊ, ਕੁੰਡਲ ਦੇ ਪ੍ਰੋਗਰਾਮ ਵਿੱਚ

ਤਸਵੀਰਾਂ : ਨਮਿਤਾ ਵਾਇਕਰ, ਸੰਯੁਕਤਾ ਸ਼ਾਸਤਰੀ, ਸਿੰਚਿਤਾ ਮਾਜੀ

ਤਰਜਮਾ: ਕਮਲਜੀਤ ਕੌਰ

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought' and 'The Last Heroes: Foot Soldiers of Indian Freedom'.

Other stories by P. Sainath
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur