ਇਸ ਕਾਇਨਾਤ ਵਿੱਚ ਮੁਫ਼ਤ ਖਾਣਾ ਪਾਉਣਾ ਕਿਸੇ ਅਸੀਸ ਤੋਂ ਘੱਟ ਨਹੀਂ।

ਅਸਾਮ ਦੀ ਵਿਸ਼ਾਲ ਨਦੀ ਬ੍ਰਹਮਪੁਤਰ ਦੇ ਐਨ ਵਿਚਕਾਰ ਬਣੇ ਦੀਪ ਮਾਜੁਲੀ ਦੇ ਇੱਕ ਰੁਝੇਵੇਂ ਭਰੇ ਫੇਰੀ ਸਟੇਸ਼ਨ, ਕਮਲਾਬਾੜੀ ਘਾਟ ‘ਤੇ ਲੱਗੇ ਖਾਣੇ ਦੇ ਸਟਾਲਾਂ ਵਿਚਾਲੇ ਭੋਜਨ ਦੀ ਭਾਲ਼ ਵਿੱਚ ਭੁੱਖੀ-ਭਾਣੀ ਨੂੰ ਗਾਂ ਨੂੰ ਕੁਝ ਲੱਭਦੇ ਦੇਖਣਾ ਕਾਫ਼ੀ ਤਸੱਲੀ ਦਿੰਦਾ ਹੈ।

ਮੁਕਤਾ ਹਜ਼ਾਰਿਕਾ ਇਸ ਗੱਲ਼ ਨੂੰ ਬਾਖ਼ੂਬੀ ਸਮਝਦੇ ਹਨ। ਸਾਡੇ ਨਾਲ਼ ਚੱਲਦੀ ਗੱਲਬਾਤ ਉਦੋਂ ਅਚਾਨਕ ਰੁੱਕ ਗਈ ਜਦੋਂ ਉਨ੍ਹਾਂ ਦੇ ਢਾਬੇ ਦੇ ਐਨ ਸਾਹਮਣੇ ਖੜਕਾ ਆਉਂਦਾ ਹੈ ਤੇ ਉਹ ਦੇਖਦੇ ਹਨ ਕਿ ਇੱਕ ਅਵਾਰਾ ਗਾਂ ਖਾਣੇ ਦੀ ਭਾਲ਼ ਵਿੱਚ ਮੂੰਹ ਮਾਰਦੀ ਹੋਈ ਆਪਣਾ ਢਿੱਡ ਭਰਨ ਲਈ ਕਾਉਂਟਰ ‘ਤੇ ਕੋਈ ਚੀਜ਼ ਲੱਭ ਰਹੀ ਹੈ।

ਉਹ ਸ਼ੂ-ਸ਼ੂ ਦੀ ਅਵਾਜ਼ ਕੱਢਦਿਆਂ ਗਾਂ ਨੂੰ ਢਾਬੇ ਤੋਂ ਦੂਰ  ਭਜਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਫਿਰ ਸਾਡੇ ਵੱਲ਼ ਮੁਖ਼ਾਤਬ ਹੋ ਕੇ ਹੱਸਦਿਆਂ ਹੋਇਆਂ ਕਹਿੰਦੇ ਹਨ,“ਮੈਂ ਇੱਕ ਪਲ ਲਈ ਵੀ ਢਾਬੇ ਤੋਂ ਦੂਰ ਨਹੀਂ ਹੋ ਸਕਦਾ। ਨੇੜੇ ਚਰਦੀਆਂ ਗਾਵਾਂ ਭੋਜਨ ਦੀ ਭਾਲ਼ ਵਿੱਚ ਤੁਰੰਤ ਸਾਰਾ ਸਮਾਨ ਤਿੱਤਰ-ਬਿਤਰ ਕਰਨ ਲੱਗਦੀਆਂ ਹਨ।”

ਇੱਕੋ ਵੇਲ਼ੇ 10 ਲੋਕਾਂ ਦੇ ਖਾਣਾ ਖਾਣ ਦੀ ਇਸ ਥਾਂ ‘ਤੇ ਇਕੱਲੇ ਮੁਕਤਾ ਤਿੰਨ ਤਰੀਕੇ ਦੇ ਕੰਮ ਕਰਦੇ ਹਨ- ਕਦੇ ਰਸੋਈਆ, ਕਦੇ ਖਾਣਾ ਪਰੋਸਣ ਵਾਲ਼ਾ ਤੇ ਨਾਲ਼ੋ-ਨਾਲ਼ ਮਾਲਕ ਵੀ। ਇਸਲਈ ਉਨ੍ਹਾਂ ਦੇ ਢਾਬੇ ਦਾ ਨਾਮ ਉਨ੍ਹਾਂ ਦੇ ਖ਼ੁਦ ਦੇ ਨਾਮ ‘ਤੇ ਰੱਖੇ ਹੋਣ ਮਗਰ ਕਾਰਨ ਸਮਝ ਲੱਗਦਾ ਹੈ-ਹੋਟਲ ਹਜ਼ਾਰਿਕਾ।

ਪਿਛਲੇ ਛੇ ਸਾਲਾਂ ਤੋਂ ਜੇਕਰ ਹੋਟਲ ਹਜ਼ਾਰਿਕਾ ਇੰਨੀ ਕਾਮਯਾਬੀ ਨਾਲ਼ ਚੱਲ ਰਿਹਾ ਹੈ ਤਾਂ ਇਹਦਾ ਸਿਹਰ 27 ਸਾਲਾ ਮੁਕਤਾ ਦੇ ਸਿਰ ਹੀ ਬੱਝਦਾ ਹੈ। ਮਨੋਰੰਜਨ ਦੀ ਦੁਨੀਆ ਵਿੱਚ ਵੀ ਉਹ ਤੀਹਰੀ ਭੂਮਿਕਾ ਨਿਭਾਉਂਦੇ ਨਜ਼ਰੀਂ ਪੈਂਦੇ ਹਨ। ਉਹ ਇੱਕੋ ਵੇਲ਼ੇ ਚੰਗੇ ਅਭਿਨੇਤਾ, ਨਾਚੇ ਅਤੇ ਗਾਇਕ ਹਨ। ਇੰਨਾ ਹੀ ਨਹੀਂ ਉਹ ਇੱਕ ਕੁਸ਼ਲ ਮੇਕਅਪ ਆਰਟਿਸਟ ਵੀ ਹਨ ਜੋ ਮਾਜੁਲੀ ਦੇ ਲੋਕਾਂ ਨੂੰ ਖ਼ਾਸ ਮੌਕਿਆਂ ‘ਤੇ ਸੁੰਦਰ ਦਿੱਸ ਹਾਸਲ ਕਰਨ ਅਤੇ ਚੰਗਾ ਮਹਿਸੂਸ ਕਰਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਉਨ੍ਹਾਂ ਦਾ ਹੁਨਰ ਸਾਡੇ ਸਾਹਮਣੇ ਨਸ਼ਰ ਹੋਣਾ ਬਾਕੀ ਸੀ। ਫਿਲਹਾਲ ਉਨ੍ਹਾਂ ਦੇ ਕੁਝ ਗਾਹਕ ਖਾਣੇ ਲਈ ਉਡੀਕ ਕਰ ਰਹੇ ਸਨ।

Mukta Hazarika is owner, cook and server at his popular eatery by the Brahmaputra.
PHOTO • Vishaka George
Lunch at Hotel Hazarika is a wholesome, delicious spread comprising dal, roti, chutneys, an egg, and a few slices of onion
PHOTO • Riya Behl

ਖੱਬੇ : ਮੁਕਤਾ ਹਜ਼ਾਰਿਕਾ, ਬ੍ਰਹਮਪੁਤਰ ਦੇ ਕੰਢੇ ਸਥਿਤ ਮਸ਼ਹੂਰ ਢਾਬੇ ਦੇ ਮਾਲਕ ਵੀ ਹਨ, ਰਸੋਈਆ ਵੀ ਤੇ ਬੈਰ੍ਹਾ ਵੀ ਹਨ। ਸੱਜੇ : ਹੋਟਲ ਹਜ਼ਾਰਿਕਾ ਵਿਖੇ ਦੁਪਹਿਰ ਵੇਲ਼ੇ ਪੋਸ਼ਟਿਕ ਅਤੇ ਸੁਆਦੀ ਭੋਜਨ ਪਰੋਸਿਆ ਜਾਂਦਾ ਹੈ, ਜਿਸ ਵਿੱਚ ਦਾਲ, ਰੋਟੀ, ਚਟਨੀ, ਇੱਕ ਆਂਡਾ ਤੇ ਕੱਟਿਆ ਪਿਆਜ਼ ਸ਼ਾਮਲ ਹੁੰਦਾ ਹੈ

Mukta, a Sociology graduate, set up his riverside eatery six years ago after the much-desired government job continued to elude him
PHOTO • Riya Behl

ਸਮਾਜਸਾਸ਼ਤਰ ਵਿੱਚ ਗ੍ਰੈਜੁਏਟ ਮੁਕਤਾ ਨੇ ਕਰੀਬ ਛੇ ਸਾਲ ਪਹਿਲਾਂ ਨਦੀ ਕੰਢੇ ਆਪਣਾ ਢਾਬਾ ਖੋਲ੍ਹਿਆ ਸੀ, ਜਦੋਂ ਸਰਕਾਰੀ ਨੌਕਰੀ ਦੀ ਭਾਲ਼ ਵਿੱਚ ਹੱਥ ਕੁਝ ਨਾ ਲੱਗਿਆ

ਪ੍ਰੈਸ਼ਰ ਕੂਕਰ ਦੀ ਸੀਟੀ ਵੱਜਦੀ ਹੈ। ਮੁਕਤਾ ਢੱਕਣ ਖੋਲ੍ਹ ਕੇ ਕੜਛੀ ਫੇਰਦੇ ਹਨ ਤੇ ਚਿੱਟੇ ਛੋਲਿਆਂ ਦੀ ਦਾਲ ਦੀ ਮਹਿਕ ਹਵਾ ਵਿੱਚ ਤੈਰ ਜਾਂਦੀ ਹੈ। ਉਹ ਦਾਲ ਹਿਲਾਉਣ ਤੇ ਰੋਟੀਆਂ ਵੇਲ਼ਣ ਦਾ ਕੰਮ ਨਾਲ਼ੋਂ-ਨਾਲ਼ ਕਰੀ ਜਾਂਦੇ ਹਨ-ਅਸੀਂ ਘਾਟ ਵਿਖੇ ਮੁਸਾਫ਼ਰਾਂ ਤੇ ਦੂਸਰੇ ਗਾਹਕਾਂ ਨੂੰ ਦੇਖ ਕੇ ਅੰਦਾਜ਼ਾ ਲਾਇਆ ਕਿ ਉਨ੍ਹਾਂ ਨੂੰ ਘੱਟੋ-ਘੱਟ 150 ਫੁਲਕੇ ਬਣਾਉਣੇ ਪੈਣਗੇ।

ਕੁਝ ਕੁ ਮਿੰਟਾਂ ਵਿੱਚ ਹੀ ਸਾਡੇ ਸਾਹਮਣੇ ਦੋ ਥਾਲੀਆਂ ਰੱਖ ਦਿੱਤੀਆਂ ਗਈਆਂ। ਥਾਲੀ ਵਿੱਚ ਰੋਟੀਆਂ, ਇੱਕ ਫੁੱਲਿਆ ਹੋਇਆ ਆਮਲੇਟ, ਦਾਲ, ਕੱਟਿਆ ਪਿਆਜ ਅਤੇ ਪੁਦੀਨੇ ਤੇ ਨਾਰੀਅਲ ਤੋਂ ਬਣੀਆਂ ਦੋ ਕਿਸਮ ਦੀਆਂ ਚਟਨੀਆਂ ਹਨ। ਦੋ ਜਣਿਆਂ ਦੇ ਇਸ ਸੁਆਦੀ ਭੋਜਨ ਲਈ ਸਾਨੂੰ ਸਿਰਫ਼ 90 ਰੁਪਏ ਦੇਣੇ ਪਏ।

ਥੋੜ੍ਹਾ ਮਨਾਉਣ ਤੋਂ ਬਾਅਦ ਸੰਗਾਊ ਸੁਭਾਅ ਦੇ ਮੁਕਤਾ ਸਾਡਾ ਮਾਣ ਰੱਖ ਲੈਂਦੇ ਹਨ। “ਕੱਲ੍ਹ ਸ਼ਾਮੀਂ ਛੇ ਵਜੇ ਮੇਰੇ ਘਰ ਆ ਜਾਇਓ, ਫਿਰ ਮੈਂ ਤੁਹਾਨੂੰ ਦਿਖਾਉਂਗਾ ਕਿ ਕੰਮ ਕਿਵੇਂ ਕੀਤਾ ਜਾਂਦਾ ਹੈ।”

*****

ਅਗਲੀ ਸ਼ਾਮ ਜਦੋਂ ਅਸੀਂ ਮਾਜੁਲੀ ਦੇ ਖੇਰਾਹੋਲਾ ਪਿੰਡ ਸਥਿਤ ਮੁਕਤਾ ਦੇ ਘਰ ਅਪੜੇ ਤਦ ਅਸੀਂ ਦੇਖਿਆ ਕਿ ਅਸੀਂ ਉੱਥੇ ਇਕੱਲੇ ਨਹੀਂ ਹਾਂ। ਮੁਕਤਾ ਦੇ ਕੁਝ ਭੈਣ-ਭਰਾ, ਦੋਸਤ ਤੇ ਗੁਆਂਢੀ ਉਨ੍ਹਾਂ ਦੇ ਇਸ ਹੁਨਰ ਨੂੰ ਅੱਖੀਂ ਦੇਖਣ ਲਈ ਪਹਿਲਾਂ ਤੋਂ ਹੀ ਉਨ੍ਹਾਂ ਦੇ ਘਰ ਅਪੜ ਗਏ ਸਨ, ਜਿੱਥੇ ਉਹ ਆਪਣੀ 19 ਸਾਲਾ ਗੁਆਂਢਣ ਤੇ ਚੰਗੀ ਦੋਸਤ ਰੂਮੀ ਦਾਸ ਦਾ ਮੇਕਅਪ ਕਰ ਰਹੇ ਹਨ। ਮੁਕਤਾ, ਮਾਜੁਲੀ ਦੇ ਦੋ ਜਾਂ ਤਿੰਨ ਪੁਰਸ਼ ਮੇਕਅਪ ਆਰਟਿਸਟਾਂ ਵਿੱਚੋਂ ਇੱਕ ਹਨ।

ਉਹ ਸੁੱਬੜ ਜਿਹੇ ਝੋਲ਼ੇ ਵਿੱਚੋਂ ਮੇਕਅਪ ਦਾ ਸਮਾਨ ਬਾਹਰ ਕੱਢਣ ਲੱਗਦੇ ਹਨ। ਕੰਸੀਲਰ ਦੀਆਂ ਟਿਊਬਾਂ, ਫਾਊਂਡੇਸ਼ਨ ਦੀਆਂ ਸ਼ੀਸ਼ੀਆਂ, ਬੁਰਸ਼, ਕ੍ਰੀਮਾਂ, ਆਈ-ਸ਼ੈਡੋ ਦੇ ਪੈਲੇਟ ਤੇ ਹੋਰ ਦੂਸਰੀਆਂ ਚੀਜ਼ਾਂ ਨੂੰ ਕਰੀਨੇ ਨਾਲ਼ ਬੈੱਡ ‘ਤੇ ਟਿਕਾਉਂਦਿਆਂ ਉਹ ਕਹਿੰਦੇ ਹਨ,“ਮੇਕਅਪ ਦੀ ਇਹ ਪੂਰੀ ਸਮੱਗਰੀ ਮੈਂ ਜੋਰਹਾਟ (ਬੇੜੀ ਰਾਹੀਂ ਜਾਣ ਲਈ ਡੇਢ ਘੰਟਾ ਲੱਗਦਾ ਹੈ) ਤੋਂ ਮੰਗਵਾਏ ਹਨ।”

Mukta’s makeup kit has travelled all the way from Jorhat, a 1.5-hour boat ride from Majuli.
PHOTO • Riya Behl
Rumi's transformation begins with a coat of primer on her face
PHOTO • Vishaka George

ਖੱਬੇ : ਮੁਕਤਾ ਨੇ ਮੇਕਅਪ ਦੀ ਸਮੱਗਰੀ ਜੋਰਹਾਟ ਤੋਂ ਮੰਗਵਾਈ ਹੈ, ਮਾਜੁਲੀ ਤੋਂ ਬੇੜੀ ਰਾਹੀਂ ਅਪੜਨ ਵਿੱਚ ਡੇਢ ਘੰਟਾ ਲੱਗਦਾ ਹੈ। ਸੱਜੇ : ਰੂਮੀ ਦੇ ਰੁਪਾਂਤਰਣ ਦੀ ਸ਼ੁਰੂਆਤ ਉਨ੍ਹਾਂ ਦੇ ਚਿਹਰੇ ਤੇ ਪ੍ਰਾਇਮਰ ਦੀ ਇੱਕ ਪਰਤ ਲਾਉਣ ਨਾਲ਼ ਹੁੰਦੀ ਹੈ

ਅੱਜ ਅਸੀਂ ਸਿਰਫ਼ ਮੇਕਅਪ ਹੀ ਨਹੀਂ ਦੇਖਣ ਵਾਲ਼ੇ; ਅਸੀਂ ਹੋਰ ਵੀ ਬੜਾ ਕੁਝ ਦੇਖਾਂਗੇ। ਮੁਕਤਾ, ਰੂਮੀ ਨੂੰ ਕੱਪੜੇ ਬਦਲਣ ਲਈ ਕਹਿੰਦੇ ਹਨ ਤੇ ਕੁਝ ਕੁ ਮਿੰਟਾਂ ਵਿੱਚ, ਮੁਟਿਆਰ ਸਾਡੇ ਸਾਹਮਣੇ ਅਸਾਮ ਦੀ ਰਵਾਇਤੀ ਸਾੜੀ ਮੈਖਲਾ ਚਾਦਰ ਪਾਈ ਹਾਜ਼ਰ ਹੁੰਦੀ ਹੈ ਜਿਹਦਾ ਰੰਗ ਨੀਲਾ (ਲਾਇਲਕ) ਹੈ। ਮੁਕਤਾ ਇੱਕ ਰਿੰਗ ਲਾਈਟ ਬਾਲ਼ ਲੈਂਦੇ ਹਨ ਤੇ ਆਪਣਾ ਜਾਦੂ ਸ਼ੁਰੂ ਕਰ ਦਿੰਦੇ ਹਨ।

ਰੂਮੀ ਦੇ ਚਿਹਰੇ ‘ਤੇ ਪ੍ਰਾਈਮਰ (ਇੱਕ ਕ੍ਰੀਮ ਜਾਂ ਜੈਲ ਜੋ ਚਿਹਰੇ ਦੀ ਚਮੜੀ ਨੂੰ ਚੀਕਣਾ ਬਣਾਉਂਦੀ ਹੈ) ਮਲ਼ਦਿਆਂ ਉਹ ਕਹਿੰਦੇ ਹਨ,“ਕਰੀਬ 9 ਸਾਲ ਦੀ ਉਮਰੇ ਮੈਂ ਭਓਨਾ (ਅਸਾਮ ਦੀ ਹਰਮਨ ਪਿਆਰੀ ਰਵਾਇਤੀ ਮੰਚ-ਪੇਸ਼ਕਾਰੀ ਹੈ, ਜਿਹਦੇ ਜਰੀਏ ਦਰਸ਼ਕਾਂ ਨੂੰ ਕੋਈ ਨਾ ਕੋਈ ਧਾਰਮਿਕ ਸੰਦੇਸ਼ ਦਿੱਤਾ ਜਾਂਦਾ ਹੈ) ਦੇਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਮੈਨੂੰ ਉਸ ਵਿੱਚ ਅਦਾਕਾਰੀ ਕਰਨ ਵਾਲ਼ੇ ਕਲਾਕਾਰਾਂ ਦਾ ਮੇਕਅਪ ਬੜਾ ਚੰਗਾ ਲੱਗਦਾ ਹੁੰਦਾ ਸੀ।”

ਬੱਸ ਉਦੋਂ ਹੀ ਮੇਕਅਪ ਦੀ ਦੁਨੀਆ ਨਾਲ਼ ਉਨ੍ਹਾਂ ਦਾ ਜੜਾਅ ਸ਼ੁਰੂ ਹੋਇਆ, ਜੋ ਮਾਜੁਲੀ ਵਿਖੇ ਵੱਖ-ਵੱਖ ਤਿੱਥ-ਤਿਓਹਾਰਾਂ ਮੌਕੇ ਹੋਣ ਵਾਲ਼ੇ ਨਾਟਕਾਂ ਦੇ ਨਾਲ਼ ਵੱਧਦਾ ਹੀ ਚਲਾ ਗਿਆ।

ਮਹਾਂਮਾਰੀ ਤੋਂ ਪਹਿਲਾਂ ਮੁਕਤਾ ਨੂੰ ਆਪਣਾ ਹੁਨਰ ਨਿਖਾਰਣ ਲਈ ਕੁਝ ਪੇਸ਼ਾਗਤ ਮਦਦ ਵੀ ਮਿਲ਼ੀ। “ਇੱਕ ਦਿਨ ਕਮਲਾਬਾੜੀ ਘਾਟ ਵਿਖੇ ਅਚਾਨਕ ਮੇਰੀ ਮੁਲਾਕਾਤ ਪੂਜਾ ਦੱਤਾ ਨਾਲ਼ ਹੋ ਗਈ, ਜੋ ਗੁਹਾਟੀ ਵਿਖੇ ਅਸਾਮੀ ਫ਼ਿਲਮਾਂ ਤੇ ਸੀਰੀਅਲਾਂ ਵਿੱਚ ਮੇਕਅਪ ਆਰਟਿਸਟ ਵਜੋਂ ਕੰਮ ਕਰਦੀ ਹਨ। ਉਨ੍ਹਾਂ ਨੇ ਮੇਰੇ ਨਾਲ਼ ਗੱਲਬਾਤ ਸ਼ੁਰੂ ਕਰ ਦਿੱਤੀ ਜਿਵੇਂ ਕਿ ਹੁਣ ਤੁਸੀਂ ਕੀਤੀ ਸੀ,” ਉਹ ਕਹਿੰਦੇ ਹਨ ਤੇ ਅੱਗੇ ਦੱਸਦੇ ਹਨ ਕਿ ਕਲਾਕਾਰ (ਪੂਜਾ) ਨੇ ਉਨ੍ਹਾਂ (ਮੁਕਤਾ) ਦੇ ਕੰਮ ਵਿੱਚ ਦਿਲਚਸਪੀ ਲਈ ਤੇ ਉਨ੍ਹਾਂ ਨੂੰ ਮਦਦ ਦੀ ਪੇਸ਼ਕਸ਼ ਕੀਤੀ।

Fluoroescent eyeshadow, some deft brushstrokes, and fake eyelashes give Rumi's eyes a whole new look
PHOTO • Vishaka George
Fluoroescent eyeshadow, some deft brushstrokes, and fake eyelashes give Rumi's eyes a whole new look
PHOTO • Vishaka George
Fluoroescent eyeshadow, some deft brushstrokes, and fake eyelashes give Rumi's eyes a whole new look
PHOTO • Vishaka George

ਫਲੋਰੋਸੈਂਟ ਆਈ-ਸ਼ੈਡੋ ਲਗਾਉਣ, ਬੜੇ ਤਰੀਕੇ ਨਾਲ਼ ਬੁਰਸ਼ ਫੇਰਨ ਬਾਅਦ ਅਤੇ ਨਕਲੀ ਝਿਮਣੀਆਂ ਲਾਉਣ ਬਾਅਦ, ਰੂਮੀ ਦੀਆਂ ਅੱਖਾਂ ਨੂੰ ਨਵਾਂ ਰੂਪ ਮਿਲ਼ ਜਾਂਦਾ ਹੈ

ਰੂਮੀ ਦੇ ਚਿਹਰੇ ‘ਤੇ ਫਾਊਂਡੇਸ਼ਨ ਦੀ ਪਤਲੀ ਜਿਹੀ ਪਰਤ ਲਾਉਂਦੇ ਵੇਲ਼ੇ ਵੀ ਉਹ ਸਾਡੇ ਨਾਲ਼ ਗੱਲਬਾਤ ਜਾਰੀ ਰੱਖਦੇ ਹਨ,“ਜਦੋਂ ਪੂਜਾ ਨੂੰ ਮੇਕਅਪ ਵਿੱਚ ਮੇਰੀ ਰੁਚੀ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੈਨੂੰ ਗੋਰਾਮੁਰ ਕਾਲਜ (ਜਿੱਥੇ ਉਹ ਪੜ੍ਹਾਉਂਦੀ ਹਨ) ਵਿਖੇ ਮੇਕਅਪ ਦੇ ਕੋਰਸ ਵਿੱਚ ਦਾਖਲਾ ਲੈਣ ਲਈ ਕਿਹਾ। 10 ਦਿਨਾਂ ਦੇ ਇਸ ਕੋਰਸ ਵਿੱਚ ਮੈਂ ਸਿਰਫ਼ ਤਿੰਨ ਦਿਨ ਹੀ ਜਾ ਸਕਿਆ ਕਿਉਂਕਿ ਹੋਟਲ ਦੇ ਕੰਮ ਕਾਰਨ ਬਹੁਤਾ ਸਮਾਂ ਕੱਢਣਾ ਮੇਰੇ ਲਈ ਮੁਸ਼ਕਲ ਸੀ। ਫਿਰ ਵੀ ਮੈਂ ਉਨ੍ਹਾਂ ਪਾਸੋਂ ਵਾਲ਼ ਵਾਹੁਣ ਦੀਆਂ ਕਈ ਕਲਾਵਾਂ ਸਿੱਖੀਆਂ।”

ਗੱਲਬਾਤ ਦੌਰਾਨ ਮੁਕਤਾ ਬੜੇ ਮਜ਼ੇ ਨਾਲ਼ ਰੂਮੀ ਦੀਆਂ ਅੱਖਾਂ ਦੁਆਲ਼ੇ ਬੁਰਸ਼ ਫੇਰੀ ਜਾਂਦੇ ਹਨ ਜੋ ਕਿ ਮੇਕਅਪ ਦੀ ਪੂਰੀ ਪ੍ਰਕਿਰਿਆ ਦਾ ਸਭ ਤੋਂ ਮੁਸ਼ਕਲ ਕੰਮ ਹੈ।

ਰੂਮੀ ਦੀਆਂ ਅੱਖਾਂ ‘ਤੇ ਫਲੋਰੋਸੈਂਟ ਆਈ-ਸ਼ੈਡੋ ਲਾਉਂਦੇ ਵੇਲ਼ੇ ਉਹ ਸਾਨੂੰ ਦੱਸਦੇ ਹਨ ਕਿ ਤਿਓਹਾਰਾਂ ਮੌਕੇ ਉਹ ਭਓਨਾ ਵਿੱਚ ਅਦਾਕਾਰੀ ਕਰਨ ਦੇ ਨਾਲ਼ ਨਾਲ਼ ਨੱਚਦੇ ਤੇ ਗਾਉਂਦੇ ਵੀ ਹਨ। ਰੂਮੀ ਦੇ ਚਿਹਰੇ ‘ਤੇ ਮੇਕਅਪ ਕਰਦਿਆਂ ਸਾਡੇ ਕਹਿਣ ‘ਤੇ ਉਹ ਗਾਉਣਾ ਸ਼ੁਰੂ ਕਰ ਦਿੰਦੇ ਹਨ। ਅਸਾਮੀ ਗੀਤ ਰਾਤੀ ਰਾਤੀ , ਆਪਣੀ ਪ੍ਰੇਮਿਕਾ\ਪ੍ਰੇਮੀ ਦੀ ਉਡੀਕ ਕਰਦੇ ਇਨਸਾਨ ਦੇ ਦੁੱਖ ਨੂੰ ਬਿਆਨ ਕਰਦਾ ਹੈ। ਸਾਨੂੰ ਆਪਣੇ-ਆਪ ਬਾਰੇ ਸੋਚਣ ਦੀ ਲੋੜ ਹੈ, ਮੁਕਤਾ ਦੀ ਕਲਾਕਾਰੀ ਨੂੰ ਦੇਖ ਕੇ ਇੱਕ ਅਜਿਹੇ ਯੂ-ਟਿਊਬ ਚੈਨਲ ਦੀ ਘਾਟ ਮਹਿਸੂਸ ਹੁੰਦੀ ਹੈ ਜਿਹਦੇ ਕਈ ਹਜ਼ਾਰ ਫੈਲੋਅਰ ਹੋਣ।

ਪਿਛਲੇ ਇੱਕ ਦਹਾਕੇ ਵਿੱਚ ਯੂ-ਟਿਊਬ, ਇੰਸਟਾਗ੍ਰਾਮ ਅਤੇ ਟਿਕ-ਟੌਕ ਦੇ ਜ਼ਰੀਏ ਸਾਡੀ ਜਾਣ-ਪਛਾਣ ਅਜਿਹੇ ਕਈ ਸਵੈ-ਸਿੱਖਿਅਤ ਮੇਕਅਪ ਆਰਟਿਸਟਾਂ ਨਾਲ਼ ਹੋਈ ਹੈ। ਇਨ੍ਹਾਂ ਮੰਚਾਂ ਨੇ ਕਈ ਕਲਾਕਾਰਾਂ ਨੂੰ ਮਸ਼ਹੂਰ ਬਣਾਇਆ ਹੈ ਤੇ ਨਾਲ਼ੋਂ-ਨਾਲ਼ ਦਰਸ਼ਕਾਂ ਨੂੰ ਮੇਕਅਪ ਅਤੇ ਚਮੜੀ ਦੇ ਰੰਗਾਂ ਨਾਲ਼ ਜੁੜੀਆਂ ਕਈ ਬਾਰੀਕੀਆਂ ਅਤੇ ਤਕਨੀਕਾਂ ਨੂੰ ਸਮਝਾਉਣ ਵਿੱਚ ਮਦਦ ਕੀਤੀ ਹੈ। ਵੱਡੀ ਗਿਣਤੀ ਵਿੱਚ ਅਜਿਹੇ ਵੀਡਿਓ ਬਣਾਏ ਗਏ ਹਨ ਜਿਨ੍ਹਾਂ ਵਿੱਚ ਮੇਕਅਪ ਕਰਦੇ ਕਲਾਕਾਰਾਂ ਨੂੰ ਗਾਉਂਦਿਆਂ, ਰੈਪ ਕਰਦਿਆਂ ਤੇ ਫਿਲਮਾਂ ਦੇ ਮਸ਼ਹੂਰ ਦ੍ਰਿਸ਼ਾਂ ਦੀ ਨਕਲ ਕਰਦਿਆਂ ਦਿਖਾਇਆ ਗਿਆ ਹੈ।

Mukta developed an interest in makeup when he was around nine years old. Today, as one of just 2-3 male makeup artists in Majuli, he has a loyal customer base that includes Rumi
PHOTO • Vishaka George
Mukta developed an interest in makeup when he was around nine years old. Today, as one of just 2-3 male makeup artists in Majuli, he has a loyal customer base that includes Rumi
PHOTO • Riya Behl

ਨੌਂ ਸਾਲ ਦੀ ਉਮਰੇ ਮੁਕਤਾ ਅੰਦਰ ਮੇਕਅਪ ਪ੍ਰਤੀ ਰੁਚੀ ਪੈਦਾ ਹੋ ਗਈ ਸੀ। ਮਾਜੁਲੀ ਦੇ ਦੋ ਜਾਂ ਤਿੰਨ ਪੁਰਸ਼ ਮੇਕਅਪ ਆਰਟਿਸਟਾਂ ਵਿੱਚੋਂ ਇੱਕ, ਮੁਕਤਾ ਕੋਲ਼ ਅੱਜ ਦੇ ਸਮੇਂ ਅਜਿਹੇ ਪੱਕੇ (ਜੋ ਸਿਰਫ਼ ਉਨ੍ਹਾਂ ਕੋਲ਼ੋਂ ਹੀ ਮੇਕਅਪ ਕਰਾਉਂਦੇ ਹਨ) ਗਾਹਕ ਹਨ ; ਜਿਨ੍ਹਾਂ ਗਾਹਕਾਂ ਵਿੱਚ ਰੂਮੀ ਵੀ ਹਨ

Mukta delicately twists Rumi's hair into a bun, adds a few curls and flowers, and secures it all with hairspray.
PHOTO • Riya Behl
Rumi's makeover gets some finishing touches
PHOTO • Riya Behl

ਖੱਬੇ : ਮੁਕਤਾ ਬੜੇ ਮਲ੍ਹਕੜੇ ਜਿਹੇ ਰੂਮੀ ਦੇ ਵਾਲ਼ਾਂ ਦਾ ਜੂੜਾ ਬਣਾਉਂਦੇ ਹਨ ਤੇ ਫੁੱਲਾਂ ਨਾਲ਼ ਸਜਾ ਦਿੰਦੇ ਹਨ, ਫਿਰ ਕੰਨਾਂ ਦੇ ਕੋਲ਼ੋਂ ਦੋਵੇਂ ਪਾਸਿਓਂ ਦੋ ਲਟਾਂ ਛੱਡਦੇ ਹਨ ਤੇ ਸਪਰੇਅ ਦੀ ਮਦਦ ਨਾਲ਼ ਸਥਿਰ ਕਰਦੇ ਹਨ। ਸੱਜੇ : ਰੂਮੀ ਦੇ ਮੇਕਅਪ ਨੂੰ ਅੰਤਮ ਛੂਹਾਂ ਦਿੱਤੀਆਂ ਜਾ ਰਹੀਆਂ ਹਨ

“ਉਹ ਬੜੇ ਚੰਗੇ ਅਦਾਕਾਰ ਹਨ। ਉਨ੍ਹਾਂ ਨੂੰ ਅਦਾਕਾਰੀ ਕਰਦਿਆਂ ਦੇਖਣਾ ਚੰਗਾ ਲੱਗਦਾ ਹੈ,” 19 ਸਾਲਾ ਬਨਮਾਲੀ ਦਾਸ ਦੱਸਦੀ ਹਨ। ਉਹ ਮੁਕਤਾ ਦੇ ਕਰੀਬੀ ਦੋਸਤਾਂ ਵਿੱਚੋਂ ਇੱਕ ਹਨ ਤੇ ਰੂਮੀ ਦਾ ਰੁਪਾਂਤਰਣ ਹੁੰਦਿਆਂ ਦੇਖਣ ਵਾਲ਼ੇ ਲੋਕਾਂ ਵਿੱਚ ਸ਼ਾਮਲ ਹਨ। “ਉਹ ਕੁਦਰਤੀ ਕਲਾਕਾਰ ਹਨ। ਉਨ੍ਹਾਂ ਨੂੰ ਬਹੁਤੀ ਰਿਹਰਸਲ ਦੀ ਲੋੜ ਨਹੀਂ। ਉਹ ਬੜੇ ਸਹਿਜੇ ਹੀ ਚੀਜ਼ਾਂ ਨੂੰ ਸਮਝ ਜਾਂਦੇ ਹਨ।”

ਇੱਕ 50-55 ਸਾਲਾ ਉਮਰ ਦੀ ਔਰਤ ਪਰਦੇ ਪਿੱਛਿਓਂ ਮੁਸਕਰਾਉਂਦੀ ਹੋਈ ਸਾਡੇ ਵੱਲ ਦੇਖ ਰਹੀ ਹਨ। ਮੁਕਤਾ ਸਾਡੀ ਜਾਣ-ਪਛਾਣ ਕਰਾਉਂਦਿਆਂ ਕਹਿੰਦੇ ਹਨ,“ਮੇਰੀ ਮਾਂ, ਪ੍ਰੇਮਾ ਹਜ਼ਾਰਿਕਾ ਨੂੰ ਮਿਲ਼ੋ, ਜਿਨ੍ਹਾਂ ਨੇ ਸਦਾ ਮੇਰਾ ਸਾਥ ਦਿੱਤਾ। ਉਨ੍ਹਾਂ ਨੇ ਜੀਵਨ ਵਿੱਚ ਕਦੇ ਵੀ ਮੇਰੀ ਢੇਰੀ ਨਹੀਂ ਢਾਹੀ ਸਗੋਂ ਮੈਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਿਆ।”

ਅਸੀਂ ਮੁਕਤਾ ਤੋਂ ਪੁੱਛਿਆ ਕਿ ਇਸ ਤਰ੍ਹਾਂ ਦਾ ਕੰਮ ਉਨ੍ਹਾਂ ਨੂੰ ਕਿੰਨੀ ਕੁ ਵਾਰ ਮਿਲ਼ ਜਾਂਦਾ ਹੈ ਤੇ ਕਿੰਨੀ ਕੁ ਕਮਾਈ ਹੁੰਦੀ ਹੈ। “ਦੁਲਹਨ ਨੂੰ ਸਜਾਉਣ ਦਾ ਰੇਟ 10,000 ਰੁਪਏ ਹੈ। ਪੱਕੀ ਨੌਕਰੀ ਵਾਲ਼ਿਆਂ ਕੋਲ਼ੋਂ ਮੈਂ ਇੰਨੀ ਰਕਮ ਹੀ ਲੈਂਦਾ ਹਾਂ। ਮੈਨੂੰ ਸਾਲ ਵਿੱਚ ਅਜਿਹਾ ਇੱਕ ਗਾਹਕ ਮਿਲ਼ ਹੀ ਜਾਂਦਾ ਹੈ। ਜੋ ਲੋਕ ਇੰਨੀ ਰਕਮ ਦੇਣ ਵਿੱਚ ਅਸਮਰੱਥ ਹੁੰਦੇ ਹਨ, ਮੈਂ ਉਨ੍ਹਾਂ ਨੂੰ ਆਪਣੀ ਸਮਰੱਥਾ ਮੁਤਾਬਕ ਪੈਸਾ ਦੇਣ ਲਈ ਕਹਿੰਦਾ ਹਾਂ।” ਪਤਲੇ ਜਾਂ ਹਲਕੇ ਮੇਕਅਪ ਲਈ ਮੁਕਤਾ 2000 ਰੁਪਏ ਲੈਂਦੇ ਹਨ। “ਆਮ ਤੌਰ ‘ਤੇ ਅਜਿਹਾ ਮੇਕਅਪ ਪੂਜਾ-ਤਿਓਹਾਰਾਂ, ਵਿਆਹਾਂ ਤੇ ਪਾਰਟੀਆਂ ਆਦਿ ਦੇ ਮੌਕਿਆਂ ‘ਤੇ ਕੀਤਾ ਜਾਂਦਾ ਹੈ।”

ਰੂਮੀ ਦੇ ‘ਲੁਕ’ ਨੂੰ ਅੰਤਮ ਛੂਹਾਂ ਦਿੰਦਿਆਂ ਮੁਕਤਾ ਉਨ੍ਹਾਂ ਦੇ ਨਕਲੀ ਪਲਕਾਂ ਲਾ ਦਿੰਦੇ ਹਨ। ਫਿਰ ਉਹ ਮਲ੍ਹਕੜੇ ਜਿਹੇ ਉਨ੍ਹਾਂ ਦੇ ਵਾਲ਼ਾਂ ਦਾ ਇੱਕ ਢਿੱਲਾ ਜਿਹਾ ਜੂੜਾ ਅਤੇ ਕੰਨਾਂ ਦੇ ਦੋਵੇਂ ਪਾਸੀਂ ਲਟਾਂ ਛੱਡ ਦਿੰਦੇ ਹਨ। ਕੰਮ ਪੂਰਾ ਹੋਣ ਬਾਅਦ ਰੂਮੀ ਦੇ ਚਿਹਰੇ ‘ਤੇ ਜਲੋਅ ਦਿੱਸਦਾ ਹੈ। “ ਬਹੁਤ ਅੱਛਾ ਲਗਤਾ ਹੈ। ਬਹੁਤ ਬਾਰ ਮੇਕਅਪ ਕਿਯਾ, ” ਕਹਿੰਦਿਆਂ ਰੂਮੀ ਸੰਗ ਜਾਂਦੀ ਹਨ।

ਜਦੋਂ ਅਸੀਂ ਵਾਪਸ ਮੁੜਨ ਲੱਗਦੇ ਹਾਂ ਤਾਂ ਸਾਡੀ ਮੁਲਾਕਾਤ ਮੁਕਤਾ ਦੇ ਪਿਤਾ 56 ਸਾਲਾ ਭਾਈ ਹਜ਼ਾਰਿਕਾ ਨਾਲ਼ ਹੁੰਦੀ ਹੈ। ਉਹ ਹਾਲ ਵਿੱਚ ਆਪਣੀ ਪਾਲਤੂ ਬਿੱਲੀ ਦੇ ਨਾਲ਼ ਬੈਠੇ ਹਨ। ਅਸੀਂ ਉਨ੍ਹਾਂ ਕੋਲ਼ੋਂ ਰੂਮੀ ਦੇ ਰੁਪਾਂਤਰਣ ਤੇ ਮੁਕਤਾ ਦੀ ਕਲਾ ਬਾਰੇ ਉਨ੍ਹਾਂ ਦੇ ਵਿਚਾਰ ਪੁੱਛਦੇ ਹਾਂ। ਭਾਈ ਹਜ਼ਾਰਿਕਾ ਜਵਾਬ ਵਿੱਚ ਕਹਿੰਦੇ ਹਨ,“ਮੈਨੂੰ ਆਪਣੇ ਬੇਟੇ ‘ਤੇ ਅਤੇ ਉਹਦੇ ਕੰਮ ‘ਤੇ ਫ਼ਖਰ ਹੈ।”

Mukta's parents Bhai Hazarika (left) and Prema Hazarika (right) remain proud and supportive of his various pursuits
PHOTO • Vishaka George
PHOTO • Riya Behl

ਮੁਕਤਾ ਦੇ ਮਾਤਾ-ਪਿਤਾ, ਭਾਈ ਹਜ਼ਾਰਿਕਾ (ਖੱਬੇ) ਅਤੇ ਪ੍ਰੇਮਾ ਹਜ਼ਾਰਿਕਾ (ਸੱਜੇ) ਉਨ੍ਹਾਂ ਦੇ ਵੱਖ-ਵੱਖ ਕਾਰੋਬਾਰਾਂ ਵਿੱਚ ਉਨ੍ਹਾਂ ਦਾ ਮੁਕੰਮਲ ਸਾਥ ਦਿੰਦੇ ਹਨ ਤੇ ਉਨ੍ਹਾਂ ਨੂੰ ਆਪਣੇ ਬੇਟੇ ਤੇ ਮਾਣ ਹੈ

The makeup maestro and the muse
PHOTO • Riya Behl

ਮੇਕਅਪ ਉਸਤਾਦ ਅਤੇ ਪ੍ਰੇਰਕ ਸ਼ਕਤੀ

*****

ਕੁਝ ਦਿਨਾਂ ਬਾਅਦ ਜਦੋਂ ਅਸੀਂ ਕਮਲਾਬਾੜੀ ਘਾਟ ਵਿਖੇ ਮੁਕਤਾ ਦੇ ਢਾਬੇ ‘ਤੇ ਦੂਜੀ ਵਾਰ ਖਾਣਾ ਖਾਣ ਬੈਠੇ ਹਾਂ ਤੇ ਉਹ ਆਪਣੀ ਰੋਜ਼ਮੱਰਾ ਦੀ ਗਾਥਾ ਸਾਨੂੰ ਸੁਣਾਉਂਦੇ ਹਨ। ਉਨ੍ਹਾਂ ਦਾ ਬੋਲਣ ਦਾ ਸਲੀਕਾ ਬੜਾ ਮਿੱਠਾ ਤੇ ਕੰਨਾਂ ਨੂੰ ਬੜਾ ਭਾਉਂਦਾ ਵੀ ਹੈ।

ਹੋਟਲ ਹਜ਼ਾਰਿਕਾ ਖੋਲ੍ਹਣ ਦੀਆਂ ਤਿਆਰੀਆਂ ਉਦੋਂ ਤੋਂ ਹੀ ਸ਼ੁਰੂ ਹੋ ਚੁੱਕੀਆਂ ਸਨ, ਜਦੋਂ ਮੁਕਤਾ ਨੇ ਕਮਲਾਬਾੜੀ ਘਾਟ ਵਿਖੇ ਪੈਰ ਵੀ ਨਹੀਂ ਪਾਇਆ ਸੀ। ਇਹ ਬੜੀ ਰੁਝੇਵੇਂ ਭਰੀ ਘਾਟ ਹੈ ਜਿੱਥੋਂ ਰੋਜ਼ ਹਜ਼ਾਰਾਂ ਮੁਸਾਫ਼ਰ ਮਾਜੁਲੀ ਤੋਂ ਬ੍ਰਹਮਪੁਤਰ ਦੇ ਦੂਸਰੇ ਕੰਢੇ ਤੱਕ ਆਉਂਦੇ-ਜਾਂਦੇ ਹਨ। ਰੋਜ਼ ਸਾਜਰੇ 5:30 ਵਜੇ ਮੁਕਤਾ ਦੋ ਲੀਟਰ ਪੀਣ ਦਾ ਪਾਣੀ, ਦਾਲ, ਆਟਾ, ਸ਼ੱਕਰ, ਦੁੱਧ ਅਤੇ ਅੰਡੇ ਲੈ ਕੇ ਆਪਣੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਘਾਟ ਤੋਂ 10 ਮਿੰਟਾਂ ਦੀ ਦੂਰੀ ‘ਤੇ ਪੈਂਦੇ ਆਪਣੇ ਪਿੰਡ ਖੋਰਾਹੋਲਾ ਤੋਂ ਇੱਥੋਂ ਤੱਕ ਆਉਂਦੇ ਹਨ। ਪਿਛਲੇ ਸੱਤ ਸਾਲਾਂ ਤੋਂ ਇਹੀ ਉਨ੍ਹਾਂ ਦੇ ਦਿਨ ਦੀ ਰੁਟੀਨ ਹੈ। ਸਵੇਰੇ ਉੱਠਣ ਤੋਂ ਲੈ ਕੇ ਸ਼ਾਮੀਂ 4:30 ਵਜੇ ਪੱਬਾਂ ਭਾਰ ਹੋਈ ਕੰਮ ਕਰਦੇ ਰਹਿੰਦੇ ਹਨ।

ਹੋਟਲ ਹਜ਼ਾਰਿਕਾ ਵਿੱਚ ਬਣਨ ਵਾਲ਼ੇ ਪਕਵਾਨਾਂ ਵਿੱਚ ਵਰਤੀਂਦੀ ਜ਼ਿਆਦਾਤਰ ਹਰ ਸਮੱਗਰੀ ਪਰਿਵਾਰ ਦੇ ਤਿੰਨ ਵਿਘਾ (ਕਰੀਬ ਇੱਕ ਏਕੜ) ਖੇਤ ਵਿੱਚ ਹੀ ਉਗਾਈ ਜਾਂਦੀ ਹੈ। “ਅਸੀਂ ਚੌਲ਼, ਟਮਾਟਰ, ਆਲੂ, ਪਿਆਜ਼, ਲਸਣ, ਸਰ੍ਹੋਂ, ਕੱਦੂ, ਬੰਦਗੋਭੀ ਅਤੇ ਮਿਰਚਾਂ ਬੀਜਦੇ ਹਾਂ,” ਮੁਕਤਾ ਕਹਿੰਦੇ ਹਨ। “ਜਦੋਂ ਲੋਕਾਂ ਨੇ ਦੁੱਧ ਵਾਲ਼ੀ ਚਾਹ ਪੀਣੀ ਹੋਵੇ ਤਾਂ ਉਹ ਸਾਡੇ ਕੋਲ਼ ਹੀ ਆਉਂਦੇ ਹਨ,” ਉਹ ਬੜੇ ਫ਼ਖਰ ਨਾਲ਼ ਗੱਲ ਜੋੜਦਿਆਂ ਕਹਿੰਦੇ ਹਨ; ਦੁੱਧ ਉਨ੍ਹਾਂ ਦੀਆਂ ਪਾਲ਼ੀਆਂ 10 ਗਾਵਾਂ ਤੋਂ ਆਉਂਦਾ ਹੈ।

ਫੇਰੀ ਦੇ ਕਾਉਂਟਰ ‘ਤੇ ਟਿਕਟ ਵੇਚਣ ਦੇ ਨਾਲ਼ ਨਾਲ਼ ਖੇਤੀ ਕਰਨ ਵਾਲ਼ੇ 38 ਸਾਲਾ ਰੋਹਿਤ ਫੁਕਣ, ਮੁਕਤਾ ਦੇ ਢਾਬੇ ਪੱਕੇ ਗਾਹਕ ਹਨ ਜੋ ਹੋਟਲ ਹਜ਼ਾਰਿਕਾ ਦੀ ਤਾਰੀਫ਼ ਕਰਦਿਆਂ ਕਹਿੰਦੇ ਹਨ: “ਇਹ ਇੱਕ ਵਧੀਆ ਤੇ ਸਾਫ਼-ਸੁਥਰਾ ਢਾਬਾ ਹੈ।”

ਵੀਡਿਓ ਦੇਖੋ : ‘ ਮੇਕਅਪ ਕਰਦੇ ਵੇਲ਼ੇ ਮੈਨੂੰ ਗਾਉਣਾ ਚੰਗਾ ਲੱਗਦਾ ਹੈ

“ਲੋਕ ਕਹਿੰਦੇ ਹਨ,‘ਮੁਕਤਾ ਤੂੰ ਬੜਾ ਸੁਆਦੀ ਖਾਣਾ ਬਣਾਉਣਾ ਹੈਂ।’ ਇਹ ਸੁਣ ਮੈਨੂੰ ਬੜਾ ਚੰਗਾ ਲੱਗਦਾ ਹੈ ਤੇ ਮੈਨੂੰ ਦੁਕਾਨ ਚਲਾਉਣਾ ਚੰਗਾ ਲੱਗਦਾ ਹੈ,” ਹੋਟਲ ਹਜ਼ਾਰਿਕਾ ਦਾ ਇਹ ਨੌਜਵਾਨ ਬੜੇ ਫ਼ਖਰ ਨਾਲ਼ ਕਹਿੰਦਾ ਹੈ।

ਹਾਲਾਂਕਿ, ਮੁਕਤਾ ਨੇ ਆਪਣੇ ਲਈ ਇਸ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਸੀ। ਸਾਡੇ ਲਈ ਚਾਹ ਬਣਾਉਂਦਿਆਂ ਉਹ ਦੱਸਦੇ ਹਨ,“ਮਾਜੁਲੀ ਕਾਲਜ ਤੋਂ ਜਦੋਂ ਮੈਂ ਸਮਾਜਸਾਸ਼ਤਰ ਵਿੱਚ ਗ੍ਰੈਜੂਏਸ਼ਨ ਪੂਰੀ ਕੀਤੀ ਤਦ ਮੈਂ ਸਰਕਾਰੀ ਨੌਕਰੀ ਕਰਨੀ ਚਾਹੁੰਦਾ ਸਾਂ। ਪਰ ਮੈਨੂੰ ਸਫ਼ਲਤਾ ਨਹੀਂ ਮਿਲ਼ੀ। ਸ਼ੁਰੂ ਸ਼ੁਰੂ ਵਿੱਚ ਜਦੋਂ ਮੇਰੇ ਦੋਸਤ ਢਾਬੇ ‘ਤੇ ਆਉਂਦੇ ਤਾਂ ਮੈਨੂੰ ਬੜੀ ਸ਼ਰਮ ਆਉਂਦੀ। ਉਨ੍ਹਾਂ ਸਾਰਿਆਂ ਕੋਲ਼ ਸਰਕਾਰੀ ਨੌਕਰੀਆਂ ਸਨ ਤੇ ਮੈਂ...ਮੈਂ ਇੱਕ ਮਾਮੂਲੀ ਰਸੋਈਆ? ਪਰ ਜਦੋਂ ਮੈਂ ਕਿਸੇ ਦਾ ਮੇਕਅਪ ਕਰਦਾ ਹਾਂ ਤਾਂ ਮੈਨੂੰ ਕੋਈ ਝਿਜਕ ਨਹੀਂ ਹੁੰਦੀ। ਮੈਨੂੰ ਖਾਣਾ ਪਕਾਉਣ ਲੱਗਿਆਂ ਹੀ ਸ਼ਰਮ ਆਉਂਦੀ ਸੀ, ਮੇਕਅਪ ਕਰਨ ਲੱਗਿਆਂ ਨਹੀਂ।”

ਫਿਰ ਤੁਸੀਂ ਨਵੇਂ ਮੌਕਿਆਂ ਦੀ ਭਾਲ਼ ਵਿੱਚ ਗੁਹਾਟੀ ਜਿਹੇ ਵੱਡੇ ਸ਼ਹਿਰ ਕਿਉਂ ਨਹੀਂ ਜਾਂਦੇ? ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੇ ਹਨ,“ਮੈਂ ਨਹੀਂ ਜਾ ਸਕਦਾ, ਕਿਉਂਕਿ ਇੱਥੇ ਮਾਜੁਲੀ ਵਿਖੇ ਮੇਰੇ ਸਿਰ ਕਈ ਜ਼ਿੰਮੇਦਾਰੀਆਂ ਵੀ ਹਨ।” ਥੋੜ੍ਹਾ ਸੋਚਣ ਤੋਂ ਬਾਅਦ ਉਹ ਕਹਿੰਦੇ ਹਨ,“ਵੈਸੇ ਮੈਨੂੰ ਜਾਣਾ ਵੀ ਕਿਉਂ ਚਾਹੀਦਾ? ਮੈਂ ਇੱਥੇ ਰਹਿ ਕੇ ਮਾਜੁਲੀ ਦੀਆਂ ਕੁੜੀਆਂ ਨੂੰ ਖ਼ੂਬਸੂਰਤ ਦਿਖਾਉਣ ਲਈ ਮੇਕਅਪ ਕਰਨਾ ਚਾਹੁੰਦਾ ਹਾਂ।”

ਭਾਵੇਂ ਕਿ ਉਨ੍ਹਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲ਼ੀ, ਪਰ ਉਹ ਕਹਿੰਦੇ ਹਨ ਕਿ ਉਹ ਆਪਣੇ ਕੰਮ ਤੋਂ ਖ਼ੁਸ਼ ਹਨ। “ਮੈਂ ਪੂਰੀ ਦੁਨੀਆ ਘੁੰਮ ਕੇ ਖ਼ੂਬਸੂਰਤੀ ਮਾਣਨਾ ਚਾਹੁੰਦਾ ਹਾਂ। ਪਰ ਮੈਂ ਮਾਜੁਲੀ ਕਦੇ ਨਹੀਂ ਛੱਡ ਸਕਦਾ। ਇਹ ਬੇਹੱਦ ਖ਼ੂਬਸੂਰਤ ਥਾਂ ਹੈ।”

ਤਰਜਮਾ: ਕਮਲਜੀਤ ਕੌਰ

Vishaka George

Vishaka George is Senior Editor at PARI. She reports on livelihoods and environmental issues. Vishaka heads PARI's Social Media functions and works in the Education team to take PARI's stories into the classroom and get students to document issues around them.

Other stories by Vishaka George

Riya Behl is Senior Assistant Editor at People’s Archive of Rural India (PARI). As a multimedia journalist, she writes on gender and education. Riya also works closely with students who report for PARI, and with educators to bring PARI stories into the classroom.

Other stories by Riya Behl
Editor : Sangeeta Menon

Sangeeta Menon is a Mumbai-based writer, editor and communications consultant.

Other stories by Sangeeta Menon
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur