''
ਇਲਾਲਾਹ
ਕੀ
ਸ਼ਰਾਬ
ਨਜ਼ਰ
ਸੇ
ਪਿਲਾ
ਦਿਆ
,
ਮੈਂ
ਏਕ
ਗੁਨਹਗਾਰ
ਥਾ
,
ਸੂਫ਼ੀ
ਬਨਾ
ਦਿਆ।
ਸੂਰਤ
ਮੇਂ
ਮੇਰੇ
ਆ
ਗਈ
ਸੂਰਤ
ਫ਼ਕੀਰ
ਕੀ
,
ਯੇਹ
ਨਜ਼ਰ
ਮੇਰੇ
ਪੀਰ
ਕੀ
,
ਯੇਹ
ਨਜ਼ਰ
ਮੇਰੇ
ਪੀਰ
ਕੀ
...
''
(ਸੰਤ ਨੇ ਮੇਰੀਆਂ ਅੱਖਾਂ ਵਿੱਚ ਦੇਖਿਆ ਤੇ ਮੈਨੂੰ ਅੱਲ੍ਹਾ ਦਾ ਬ੍ਰਹਮ ਅੰਮ੍ਰਿਤ ਪਿਆ ਦਿੱਤਾ। ਉਦੋਂ ਤੱਕ ਤਾਂ ਪਾਪੀ ਹੀ ਰਿਹਾ, ਉਹਨੇ ਮੈਨੂੰ ਸੂਫ਼ੀ ਬਣਾ ਦਿੱਤਾ।
ਮੇਰੇ ਚਿਹਰੇ ਤੋਂ ਲਿਸ਼ਕਾਂ ਮਾਰੇ ਮੇਰੇ
ਪੀਰ ਦਾ ਚਿਹਰਾ। ਕਿੰਨਾ ਸ਼ਾਨਦਾਰ ਨਜਾਰਾ ਹੈ!
ਜ਼ਰਾ ਮੇਰੇ ਸੰਤ ਦੀਆਂ ਅੱਖਾਂ ਵਿੱਚ ਤਾਂ ਝਾਕੋ।)
ਪੁਣੇ ਸ਼ਹਿਰ ਦੇ ਨੇੜੇ ਇੱਕ ਦਰਗਾਹ ਵਿਖੇ ਇੱਕ ਕੱਵਾਲ ਨੇ ਆਪਣੇ ਗੁੱਟ 'ਤੇ ਘੁੰਗਰੂ ਬੰਨ੍ਹੇ ਹਨ ਤੇ ਢੋਲ਼ ਵਜਾ ਰਿਹਾ ਹੈ, ਢੋਲ਼ ਜੋ ਕਿਸੇ ਬੱਚੇ ਵਾਂਗਰ ਉਨ੍ਹਾਂ ਦੀ ਗੋਦੀ ਵਿੱਚ ਪਿਆ ਹੈ।
ਬਿਨਾਂ ਕਿਸੇ ਮਾਈਕ ਜਾਂ ਸਪੀਕਰ ਦੇ ਕੱਵਾਲ ਦੀ ਅਵਾਜ਼ ਆਬੋ-ਹਵਾ ਤੈਰਦੀ ਹੋਈ ਕਿਸੇ ਰੁਹਾਨੀ ਸਫ਼ਰ 'ਤੇ ਨਿਕਲ਼ ਜਾਂਦੀ ਜਾਪਦੀ ਹੈ। ਹਾਲਾਂਕਿ ਉਨ੍ਹਾਂ ਦੇ ਸਾਹਮਣੇ ਕੋਈ ਦਰਸ਼ਕ ਨਹੀਂ, ਪਰ ਉਹ ਆਪਣੇ ਆਪ ਵਿੱਚ ਲੀਨ ਹੋ ਕੇ ਗਾਉਂਦੇ ਹਨ।
ਉਹ ਇੱਕ ਕੱਵਾਲ਼ੀ ਤੋਂ ਬਾਅਦ ਦੂਜੀ ਗਾਉਣ ਲੱਗਦੇ ਹਨ। ਉਹ ਸਿਰਫ਼ ਜ਼ੁਹਰ ਅਤੇ ਮਗ਼ਰੀਬ ਨਮਾਜ਼ (ਸ਼ਾਮ ਦੀ ਨਮਾਜ਼) ਦੌਰਾਨ ਆਰਾਮ ਕਰਦੇ ਹਨ ਕਿਉਂਕਿ ਨਮਾਜ਼ ਦੌਰਾਨ ਗਾਉਣਾ ਜਾਂ ਸੰਗੀਤ ਵਜਾਉਣਾ ਅਣਉਚਿਤ ਮੰਨਿਆ ਜਾਂਦੇ ਹਨ। ਉਹ ਨਮਾਜ਼ ਖਤਮ ਹੋਣ ਤੋਂ ਬਾਅਦ ਦੁਬਾਰਾ ਗਾਉਣਾ ਸ਼ੁਰੂ ਕਰਦੇ ਹਨ ਅਤੇ ਰਾਤੀਂ 8 ਵਜੇ ਤੱਕ ਗਾਉਣਾ ਜਾਰੀ ਰੱਖਦੇ ਹਨ।
"ਮੈਂ ਅਮਜਦ ਹਾਂ। ਅਮਜਦ ਮੁਰਾਦ ਗੋਂਡ। ਅਸੀਂ ਰਾਜਗੋਂਡ ਹਾਂ। ਆਦਿਵਾਸੀ," ਉਨ੍ਹਾਂ ਨੇ ਆਪਣੀ ਜਾਣ-ਪਛਾਣ ਕਰਵਾਈ। ਅਮਜਦ, ਜੋ ਨਾਮ ਅਤੇ ਦਿੱਖ ਤੋਂ ਮੁਸਲਮਾਨ ਵਰਗੇ ਲੱਗਦੇ ਹਨ, ਪਰ ਜਨਮ ਤੋਂ ਆਦਿਵਾਸੀ ਹਨ, ਨੇ ਸਾਨੂੰ ਦੱਸਿਆ: "ਕੱਵਾਲ਼ੀ ਸਾਡਾ ਕਿੱਤਾ ਹੈ!"
ਪਾਨ ਚੱਬਦਿਆਂ ਉਹ ਕਹਿੰਦੇ ਹਨ,"ਕੋਈ ਇੱਕ ਬੰਦਾ ਦਿਖਾਓ ਜਿਹਨੂੰ ਕੱਵਾਲ਼ੀ ਸੁਣਨਾ ਪਸੰਦ ਨਾ ਹੋਵੇ! ਇਹ ਇੱਕ ਕਲਾ ਹੈ ਜੋ ਹਰ ਕਿਸੇ ਨੂੰ ਪਸੰਦ ਹੈ। ਫਿਰ, ਜਿਓਂ ਹੀ ਪਾਨ ਉਨ੍ਹਾਂ ਦੇ ਮੂੰਹ ਵਿੱਚ ਘੁਲਣ ਲੱਗਦਾ ਹੈ ਉਨ੍ਹਾਂ ਕਲਾ ਵਿੱਚ ਆਪਣੀ ਦਿਲਚਸਪੀ ਬਾਰੇ ਗੱਲ ਕੀਤੀ ਅਤੇ ਕਿਹਾ, " ਪਬਲਿਕ ਕੋ ਖੁਸ਼ ਕਰਨੇ ਕਾ। ਬੱਸ। ''
'ਪਾਓਂ ਮੇਂ ਬੇੜੀ, ਹਾਥੋਂ ਮੇਂ ਕੜਾ ਰਹਨੇ ਦੋ, ਉਸਕੋ ਸਰਕਾਰ ਕੀ ਚੌਖਟ ਪੇ ਪੜਾ ਰਹਨੇ ਦੋ...' ਮੈਨੂੰ ਇੱਕ ਹਿੰਦੀ ਫਿਲਮ ਦਾ ਪ੍ਰਸਿੱਧ ਗੀਤ ਯਾਦ ਆਇਆ।
ਇਸ ਦਰਗਾਹ 'ਤੇ ਆਉਣ ਵਾਲ਼ੇ ਸ਼ਰਧਾਲੂ ਬਾਲੀਵੁੱਡ ਗਾਣਿਆਂ ਦੀ ਤਰਜ਼ 'ਤੇ ਕੱਵਾਲ਼ੀ ਗਾਉਣ ਦੇ ਉਨ੍ਹਾਂ ਦੇ ਤਰੀਕੇ ਦੇ ਵਿਰੁੱਧ ਨਹੀਂ ਹਨ, ਉਹ ਤਾਂ ਕੱਵਾਲ਼ੀਆਂ ਸੁਣ ਕੇ ਇੰਨਾ ਖੁਸ਼ ਹੁੰਦੇ ਹਨ ਕਿ ਕੋਈ 10 ਰੁਪਏ ਤੇ ਕੋਈ 20 ਰੁਪਏ ਦੇ ਕੇ ਹੀ ਜਾਂਦਾ ਹੈ। ਦਰਗਾਹ ਦੀ ਦੇਖਭਾਲ਼ ਕਰਨ ਵਾਲ਼ੇ, ਦਰਸ਼ਨ ਕਰਨ ਅਤੇ ਚਾਦਰ ਚੜ੍ਹਾਉਣ ਆਉਣ ਵਾਲ਼ੇ ਸ਼ਰਧਾਲੂਆਂ ਨੂੰ ਤਿਲਗੁਲ (ਤਿਲ ਅਤੇ ਗੁੜ) ਭੇਟ ਕਰਦੇ ਹਨ। ਇੱਕ ਮੁਜਾਵਰ ਬੁਰੀਆਂ ਆਤਮਾਵਾਂ ਨੂੰ ਭਜਾਉਣ ਲਈ ਮੋਰ ਦੇ ਖੰਭਾਂ ਨਾਲ਼ ਸ਼ਰਧਾਲੂਆਂ (ਸਵਾਲ਼ੀਆਂ) ਦੇ ਮੋਢਿਆਂ ਅਤੇ ਪਿੱਠ ਨੂੰ ਥਾਪੜਦੇ ਜਿਹੇ ਹਨ। ਸੰਤ (ਪੀਰ) ਨੂੰ ਚੜ੍ਹਾਏ ਜਾਂਦੇ ਪੈਸਿਆਂ ਵਿੱਚੋਂ ਛੋਟਾ ਜਿਹਾ ਹਿੱਸਾ ਕੱਵਾਲ ਲਈ ਰੱਖਿਆ ਜਾਂਦਾ ਹੈ।
ਅਮਜਦ ਦਾ ਕਹਿਣਾ ਹੈ ਕਿ ਦਰਗਾਹ 'ਤੇ ਬਹੁਤ ਸਾਰੇ ਅਮੀਰ ਲੋਕ ਆਉਂਦੇ ਹਨ। ਸਮਾਧੀ ਵੱਲ ਜਾਣ ਵਾਲ਼ੀ ਸੜਕ 'ਤੇ ਚਾਦਰ ਅਤੇ ਚੁਨਰੀ ਵੇਚਣ ਵਾਲ਼ੀਆਂ ਬਹੁਤ ਸਾਰੀਆਂ ਛੋਟੀਆਂ ਦੁਕਾਨਾਂ ਹਨ। ਪੂਜਾ ਸਥਾਨ ਬਹੁਤ ਸਾਰੇ ਲੋਕਾਂ ਲਈ ਭੋਜਨ ਅਤੇ ਰੁਜ਼ਗਾਰ ਦਾ ਵਸੀਲਾ ਬਣਦੇ ਹਨ।
ਹਜ਼ਰਤ ਪੀਰ ਕਮਰ ਅਲੀ ਦਰਵੇਸ਼ ਭੇਦਭਾਵ ਨਹੀਂ ਕਰਦੇ। ਦਰਗਾਹ ਦੀਆਂ ਪੌੜੀਆਂ 'ਤੇ, ਅਪੰਗ, ਕਮਜ਼ੋਰ ਭਿਖਾਰੀ (ਫਕੀਰ) ਬੈਠੇ ਮਿਲ਼ ਹੀ ਜਾਂਦੇ ਹਨ ਜੋ ਲੋਕਾਂ ਦੀ ਦਇਆ ਚਾਹੁੰਦੇ ਹਨ ਤੇ ਕੁਝ ਥੋੜ੍ਹਾ ਬਹੁਤ ਪੈਸਾ ਵੀ। ਨੌਂ ਗਜ਼ ਦੀ ਸਾੜੀ ਪਹਿਨੀ ਇੱਕ ਬਜ਼ੁਰਗ ਹਿੰਦੂ ਔਰਤ ਅਕਸਰ ਹਜ਼ਰਤ ਕਮਰ ਅਲੀ ਦਰਵੇਸ਼ੀ ਦਾ ਆਸ਼ੀਰਵਾਦ ਲੈਣ ਆਉਂਦੀ ਰਹਿੰਦੀ ਹੈ। ਅਪਾਹਜ, ਅਨਾਥ ਅਤੇ ਕੱਵਾਲ ਸਾਰੇ ਹੀ ਅੱਲ੍ਹਾ ਦੇ ਰਹਿਮ 'ਤੇ ਬੈਠੇ ਰਹਿੰਦੇ ਹਨ।
ਪਰ ਅਮਜਦ ਭਿਖਾਰੀ ਨਹੀਂ ਇੱਕ ਕਲਾਕਾਰ ਹਨ। ਉਹ ਸਵੇਰੇ 11 ਵਜੇ ਦਰਗਾਹ 'ਤੇ ਆਉਂਦੇ ਅਤੇ ਸਮਾਧੀ ਦੇ ਸਾਹਮਣੇ 'ਮੰਚ' ਲਾਉਂਦੇ ਹਨ। ਫਿਰ ਹੌਲ਼ੀ-ਹੌਲ਼ੀ ਪਰ ਸ਼ਰਧਾਲੂਆਂ ਦੀ ਨਿਰੰਤਰ ਆਮਦ ਸ਼ੁਰੂ ਹੋ ਜਾਂਦੀ ਹੈ। ਦੁਪਹਿਰ ਤੱਕ, ਸਮਾਧ ਦੇ ਆਲ਼ੇ-ਦੁਆਲ਼ੇ ਲੱਗਿਆ ਦੁਧੀਆ ਸੰਗਮਰਮਰ ਅਤੇ ਗ੍ਰੇਨਾਈਟ ਤਪਣ ਲੱਗਦੇ ਹਨ। ਪੈਰਾਂ ਨੂੰ ਮੱਚਣ ਤੋਂ ਬਚਾਉਣ ਲਈ ਸ਼ਰਧਾਲੂ ਛਾਲ਼ਾਂ ਮਾਰ-ਮਾਰ ਅੱਗੇ ਵੱਧਦੇ ਤੇ ਦੌੜਦੇ ਹਨ। ਇੱਥੇ ਆਉਣ ਵਾਲ਼ੇ ਹਿੰਦੂਆਂ ਦੀ ਗਿਣਤੀ ਮੁਸਲਮਾਨਾਂ ਦੀ ਗਿਣਤੀ ਤੋਂ ਵੱਧ ਹੈ।
ਔਰਤਾਂ ਨੂੰ ਮਜ਼ਾਰ (ਸੰਤ ਦੀ ਕਬਰ) ਦੇ ਨੇੜੇ ਜਾਣ ਦੀ ਆਗਿਆ ਨਹੀਂ ਹੈ। ਇਸ ਲਈ ਇੱਥੇ, ਮੁਸਲਿਮ ਔਰਤਾਂ ਸਮੇਤ ਬਹੁਤ ਸਾਰੇ ਲੋਕ ਬਰਾਂਡੇ 'ਤੇ ਬੈਠ ਕੇ ਆਪਣੀਆਂ ਅੱਖਾਂ ਬੰਦ ਕਰਦੇ ਹਨ ਅਤੇ ਕੁਰਾਨ ਦੀ ਆਇਤ ਪੜ੍ਹਦੇ ਹਨ। ਉਸ ਦੇ ਨਾਲ਼, ਨੇੜਲੇ ਪਿੰਡ ਦੀ ਇੱਕ ਹਿੰਦੂ ਔਰਤ 'ਤੇ ਇੱਕ ਆਤਮਾ ਨੇ ਹਮਲਾ ਕਰ ਦਿੱਤਾ। ਲੋਕ ਇਸ ਨੂੰ "ਪਿਰਾਚਾ ਵਾਰਾ (ਪੀਰ ਦੀ ਆਤਮਾ) ਕਹਿੰਦੇ ਸਨ।
ਇੱਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਇਸ ਦਰਗਾਹ ਦੀ ਸਮਾਧੀ ਦੇ ਨੇੜੇ ਜਗਣ ਵਾਲ਼ੇ ਚਿਰਾਗ ਦਾ ਤੇਲ ਜੇ ਜ਼ਹਿਰੀਲੇ ਸੱਪ ਜਾਂ ਬਿੱਛੂ ਦੇ ਡੰਗ ਵਾਲ਼ੀ ਥਾਂ 'ਤੇ ਲਾਇਆ ਜਾਵੇ ਤਾਂ ਜ਼ਹਿਰ ਦਾ ਅਸਰ ਖ਼ਤਮ ਹੋ ਜਾਂਦਾ ਹੈ। ਇਹ ਵਿਸ਼ਵਾਸ ਉਸ ਸਮੇਂ ਪੈਦਾ ਹੋਇਆ ਹੋ ਸਕਦਾ ਹੈ ਜਦੋਂ ਅਜਿਹੇ ਜ਼ਹਿਰਾਂ ਲਈ ਦਵਾਈਆਂ ਨਹੀਂ ਹੁੰਦੀਆਂ ਸਨ। ਅੱਜ, ਸਾਡੇ ਕੋਲ਼ ਕਲੀਨਿਕ ਹਨ ਅਤੇ ਦਵਾਈ ਵੀ ਉਪਲਬਧ ਹੈ। ਫਿਰ ਵੀ ਅਜਿਹੇ ਲੋਕ ਹਨ ਜੋ ਇਨ੍ਹਾਂ ਸਹੂਲਤਾਂ ਦਾ ਖਰਚਾ ਨਹੀਂ ਚੁੱਕ ਸਕਦੇ। ਇਸ ਤੋਂ ਇਲਾਵਾ ਚਿੰਤਾਂ ਦੀਆਂ ਮਾਰੀਆਂ ਬੇਔਲਾਦ ਔਰਤਾਂ ਜਾਂ ਪਤੀ ਤੇ ਸੱਸ ਦੀਆਂ ਸਤਾਈਆਂ ਹੁੰਦੀਆਂ ਹਨ, ਇੱਥੇ ਆਉਂਦੀਆਂ ਹਨ। ਲੋਕ ਇੱਥੇ ਆਪਣੇ ਪਿਆਰਿਆਂ ਨੂੰ ਲੱਭਣ ਲਈ ਪ੍ਰਾਰਥਨਾ ਕਰਨ ਲਈ ਵੀ ਆਉਂਦੇ ਹਨ ਜੋ ਲਾਪਤਾ ਹੋ ਗਏ ਹੁੰਦੇ ਹਨ।
ਮਾਨਸਿਕ ਬਿਮਾਰੀ ਵਾਲ਼ੇ ਲੋਕ ਵੀ ਪੀਰ ਦਾ ਆਸ਼ੀਰਵਾਦ ਲੈਣ ਲਈ ਇਸ ਦਰਗਾਹ 'ਤੇ ਆਉਂਦੇ ਹਨ। ਜਦੋਂ ਉਹ ਇੱਥੇ ਪ੍ਰਾਰਥਨਾ ਕਰ ਰਹੇ ਹੁੰਦੇ ਹਨ, ਤਾਂ ਅਮਜਦ ਦੀ ਕੱਵਾਲ਼ੀ ਦਾ ਰਾਗ ਅਤੇ ਤਾਲ ਵੀ ਆਬੋ-ਹਵਾ ਵਿੱਚ ਤੈਰ ਰਹੇ ਹੁੰਦੇ ਹਨ। ਉਨ੍ਹਾਂ ਦੀ ਗਾਇਕੀ ਇੱਥੇ ਅਦਾ ਹੋਣ ਵਾਲ਼ੀ ਨਮਾਜ਼ ਵਿਚ ਇੱਕ ਤਰ੍ਹਾਂ ਦਾ ਜੋਸ਼ ਭਰ ਦਿੰਦੀ ਹੈ।
ਕੀ ਉਹ ਕਦੇ ਗਾਉਣਾ ਬੰਦ ਕਰਦੇ ਹਨ? ਕੀ ਉਨ੍ਹਾਂ ਦਾ ਗਲ਼ਾ ਥੱਕਦਾ ਨਹੀਂ? ਉਨ੍ਹਾਂ ਦੇ ਦੋਵੇਂ ਫੇਫੜੇ ਜਿਓਂ ਹਾਰਮੋਨੀਅਮਾਂ ਦੀ ਜੋੜੀ ਹੋਣ। ਅਮਜਦ ਦੋ ਗਾਣਿਆਂ ਵਿੱਚ ਥੋੜ੍ਹਾ ਰੁਕਦੇ ਹਨ, ਬੱਸ ਇਹੀ ਸਮਾਂ ਮੈਨੂੰ ਇੰਟਰਵਿਊ ਲੈਣ ਲਈ ਢੁਕਵਾਂ ਲੱਗਿਆ। "ਮੇਰੇ ਕੋ ਕੁਛ ਦੇਨਾ ਪਡੇਗਾ ਕਯਾ?'' ਉਨ੍ਹਾਂ ਨੇ ਉਂਗਲਾਂ ਨਾਲ਼ ਪੈਸਿਆਂ ਦਾ ਇਸ਼ਾਰਾ ਕਰਦਿਆਂ ਪੁੱਛਿਆ। ਮੇਰੇ ਸਾਰੇ ਅਲਫ਼ਾਜ਼ ਮੁੱਕ ਗਏ। ਇੱਕ ਵਾਰ ਫਿਰ ਉਨ੍ਹਾਂ ਗਾਉਣਾ ਸ਼ੁਰੂ ਕੀਤਾ ਤੇ ਮੈਂ ਬੈਠ ਕੇ ਦੋਬਾਰਾ ਸਮਾਂ ਮਿਲ਼ਣ ਦਾ ਇੰਤਜਾਰ ਕੀਤਾ।
ਕੱਵਾਲ਼ੀ ਦਾ ਮਤਲਬ ਰੂਹਾਨੀ ਹੈ ਭਾਵ ਆਤਮਾ ਨੂੰ ਛੂਹਣ ਵਾਲ਼ਾ। ਸੂਫ਼ੀ ਪਰੰਪਰਾ ਨੇ ਇਸ ਨੂੰ ਪਰਮਾਤਮਾ ਨਾਲ਼ ਜੋੜਿਆ। ਇੱਕ ਹੋਰ ਕਿਸਮ ਦੀ ਕੱਵਾਲ਼ੀ ਜੋ ਅਸੀਂ ਰਿਐਲਿਟੀ ਟੈਲੈਂਟ ਸ਼ੋਅ ਵਿਚ ਸੁਣਦੇ ਹਾਂ, ਰੁਮਾਨੀ ਜਾਂ ਰੋਮਾਂਟਿਕ ਹੁੰਦੀ ਹੈ। ਇੱਕ ਤੀਜੀ ਕਿਸਮ ਵੀ ਹੁੰਦੀ ਹੈ ਜਿਹਨੂੰ ਅਸੀਂ ਇਸ ਨੂੰ ਅਸੀਂ ਖ਼ਾਨਾਬਦੋਸ਼ੀ ਕਹਿ ਸਕਦੇ ਹਾਂ, ਅਜਿਹੀ ਕੱਵਾਲ਼ੀ ਜੋ ਰੋਜ਼ੀ-ਰੋਟੀ ਕਮਾਉਣ ਲਈ ਦਰ-ਦਰ ਭਟਕਾਉਂਦਿਆਂ ਦੀ ਰਾਹ ਬਣਦੀ ਹੈ, ਜਿਵੇਂ ਅਮਜਦ ਦੀ।
ਅਮਜਦ ਦੀ ਅਵਾਜ਼ ਹਵਾ ਵਿੱਚ ਗੂੰਜਦੀ ਹੈ।
ਤਾਜਦਾਰ
-
ਏ
-
ਹਰਮ
,
ਹੋ
ਨਿਗਾਹ
-
ਏ
-
ਕਰਮ
ਹਮ
ਗ਼ਰੀਬੋਂ
ਕੇ
ਦਿਨ
ਭੀ
ਸੰਵਰ
ਜਾਏਂਗੇ
...
ਆਪਕੇ
ਦਰ
ਸੇ
ਖਾਲੀ
ਅਗਰ
ਜਾਏਂਗੇ
ਅਮਜਦ ਵੱਲੋਂ ਗਾਈ ਇਸ ਅਖੀਰਲੀ ਸਤਰ ਦਾ ਡੂੰਘਾ ਅਰਥ ਸੀ। ਮੈਂ ਹੁਣ ਉਨ੍ਹਾਂ ਨਾਲ਼ ਗੱਲ ਕਰਨ ਲਈ ਵਧੇਰੇ ਉਤਸ਼ਾਹਿਤ ਸਾਂ। ਮੈਂ ਉਨ੍ਹਾਂ ਨੂੰ ਪਰੇਸ਼ਾਨ ਨਹੀਂ ਸਾਂ ਕਰਨਾ ਚਾਹੁੰਦਾ, ਮੈਂ ਅਗਲੇ ਦਿਨ ਲਈ ਸਮਾਂ ਮੰਗਿਆ ਤੇ ਦੋਬਾਰਾ ਦਰਗਾਹ ਅੰਦਰ ਚਲਾ ਗਿਆ। ਪੀਰ ਕਮਰ ਅਲੀ ਦਰਵੇਸ਼ ਦੇ ਇਤਿਹਾਸ ਦੀ ਭਾਲ਼ ਨੇ ਮੈਨੂੰ ਅਗਲੇ ਦਿਨ ਤੱਕ ਆਪਣੇ ਆਪ ਵਿੱਚ ਰੁਝਾਈ ਰੱਖਿਆ।
ਹਰ ਸਵੇਰ 11 ਕੁ ਵਜੇ ਅਮਜਦ ਦਰਗਾਹ 'ਤੇ ਆਉਂਦੇ ਹਨ ਅਤੇ ਸਮਾਧੀ ਦੇ ਸਾਹਮਣੇ ਜਗ੍ਹਾ ਬਣਾਉਂਦੇ ਹਨ। ਫਿਰ ਹੌਲ਼ੀ-ਹੌਲ਼ੀ ਪਰ ਸ਼ਰਧਾਲੂਆਂ ਦੀ ਨਿਰੰਤਰ ਆਮਦ ਸ਼ੁਰੂ ਹੋ ਜਾਂਦੀ ਹੈ
*****
ਕਹਾਣੀ ਮੁਤਾਬਕ ਹਜ਼ਰਤ ਕਮਰ ਅਲੀ ਪੁਣੇ ਸ਼ਹਿਰ ਤੋਂ ਕਰੀਬ 25 ਕਿਲੋਮੀਟਰ ਦੂਰ ਸਿੰਘਗੜ੍ਹ ਕਿਲ੍ਹੇ ਦੀ ਤਲਹੱਟੀ ਵਿਖੇ ਸਥਿਤ ਇੱਕ ਛੋਟੇ ਜਿਹੇ ਪਿੰਡ ਖੇੜ ਸ਼ਿਵਪੁਰ ਆਏ ਹਨ। ਸ਼ੈਤਾਨ ਤੋਂ ਪਰੇਸ਼ਾਨ ਹੋ ਕੇ ਪਿੰਡ ਵਾਸੀ ਹਜ਼ਰਤ ਕਮਰ ਅਲੀ ਕੋਲ਼ ਗਏ ਅਤੇ ਮਦਦ ਮੰਗੀ। ਇਸ ਸੰਤ ਨੇ ਸ਼ੈਤਾਨ ਨੂੰ ਇੱਕ ਪੱਥਰ ਵਿੱਚ ਕੈਦ ਕਰ ਲਿਆ ਅਤੇ ਸਰਾਪ ਦਿੱਤਾ: " ਤਾ ਕਯਾਮਤ , ਮੇਰੇ ਨਾਮ ਸੇ ਲੌਗ ਤੁਝੇ ਉਠਾ ਉਠਾ ਕੇ ਪਟਕਤੇ ਰਹੇਂਗੇ , ਤੂ ਲੋਕੋ ਕੋ ਪਰੇਸ਼ਾਨ ਕੀਆ ਕਰਤਾ ਥਾ , ਅਬ ਜੋ ਸਵਾਲ਼ੀ ਮੇਰੇ ਦਰਬਾਰ ਮੇਂ ਆਏਂਗੇ ਵੋਹ ਤੁਝੇ ਮੇਰੇ ਨਾਮ ਸੇ ਪਟਕੇਂਗੇ ! ''
ਮਕਬਰੇ ਦੇ ਸਾਹਮਣੇ ਪਏ ਪੱਥਰ ਦਾ ਭਾਰ 90 ਕਿਲੋਗ੍ਰਾਮ ਤੋਂ ਵੱਧ ਹੈ ਅਤੇ ਲਗਭਗ 11 ਲੋਕਾਂ ਦਾ ਸਮੂਹ ਇਸ ਨੂੰ ਸਿਰਫ਼ ਇੱਕੋ ਉਂਗਲ ਨਾਲ਼ ਚੁੱਕ ਸਕਦਾ ਹੈ। ਉਹ ਉੱਚੀ ਅਵਾਜ਼ ਵਿੱਚ 'ਯਾ ਕਮਰ ਅਲੀ ਦਰਵੇਸ਼' ਦੇ ਜੈਕਾਰੇ ਲਾਉਂਦੇ ਹਨ ਅਤੇ ਆਪਣੀ ਪੂਰੀ ਤਾਕਤ ਨਾਲ਼ ਪੱਥਰ ਨੂੰ ਪਟਕਦੇ ਹਨ।
ਇੱਥੇ ਕਈ ਪਿੰਡਾਂ ਵਿੱਚ ਦਰਗਾਹਾਂ ਹਨ ਪਰ ਉਨ੍ਹਾਂ ਵਿੱਚੋਂ ਕਿਸੇ ਥਾਵੇਂ ਵੀ ਖੇੜ ਸ਼ਿਵਪੁਰ ਦੀ ਇਸ ਦਰਗਾਹ ਜਿੰਨੀ ਭੀੜ ਨਹੀਂ ਹੁੰਦੀ। ਇਸ ਭਾਰੇ ਪੱਥਰ ਦਾ ਅਜੂਬਾ ਵਧੇਰੇ ਲੋਕਾਂ ਨੂੰ ਇੱਥੇ ਖਿੱਚ ਲਿਆਉਂਦਾ ਹੈ; ਇਹੀ ਭੀੜ ਅਮਜਦ ਵਰਗੇ ਕਈ ਲੋਕਾਂ ਨੂੰ ਥੋੜ੍ਹੀ ਹੋਰ ਕਮਾਈ ਕਰਨ ਦਾ ਇੱਕ ਵਧੀਆ ਮੌਕਾ ਪ੍ਰਦਾਨ ਕਰਦੀ ਹੈ। ਸ਼ਰਧਾਲੂਆਂ ਦਾ ਮੰਨਣਾ ਹੈ ਕਿ ਇੱਥੇ ਔਲੀਆ ਬੇਔਲਾਦ ਲੋਕਾਂ ਨੂੰ ਔਲਾਦ ਬਖ਼ਸ਼ਿਸ਼ ਕਰਦੇ ਹਨ। ਅਮਜਦ ਮੈਨੂੰ ਦੱਸਦੇ ਹਨ,"ਅਸੀਂ ਜੜ੍ਹੀ-ਬੂਟੀਆਂ ਦੀਆਂ ਦਵਾਈਆਂ ਵੀ ਦਿੰਦੇ ਹਾਂ ਅਤੇ ਬਾਂਝਪੁਣੇ ਦੀ ਸਮੱਸਿਆ ਦਾ ਇਲਾਜ ਕਰਦੇ ਹਾਂ।''
*****
ਉਸੇ ਇਮਾਰਤ ਵਿੱਚ ਇੱਕ ਮਸਜਿਦ ਅਤੇ ਇਸ ਦੇ ਨਾਲ਼ ਇੱਕ ਵਜੂਖਾਨਾ ਹੈ। ਅਮਜਦ ਉੱਥੇ ਗਏ, ਆਪਣੇ ਹੱਥ-ਪੈਰ ਚੰਗੀ ਤਰ੍ਹਾਂ ਧੋਤੇ, ਆਪਣੇ ਵਾਲ਼ਾਂ ਨੂੰ ਬੰਨ੍ਹਿਆ, ਸੰਤਰੀ ਰੰਗ ਦੀ ਟੋਪੀ ਪਹਿਨੀ ਅਤੇ ਗੱਲਾਂ ਕਰਨ ਲੱਗੇ। "ਮੈਂ ਹਰ ਮਹੀਨੇ ਘੱਟੋ-ਘੱਟ ਇੱਕ ਹਫ਼ਤੇ ਲਈ ਇੱਥੇ ਆਉਂਦਾ ਹਾਂ।'' ਉਹ ਬਚਪਨ ਵਿੱਚ ਆਪਣੇ ਪਿਤਾ ਦੇ ਨਾਲ਼਼ ਜਾਇਆ ਕਰਦੇ। "ਮੈਂ 10 ਜਾਂ 15 ਸਾਲਾਂ ਦਾ ਸਾਂ ਜਦੋਂ ਮੇਰੇ ਅੱਬਾ (ਪਿਤਾ) ਮੈਨੂੰ ਪਹਿਲੀ ਵਾਰ ਇੱਥੇ ਲੈ ਕੇ ਆਏ ਸਨ। ਹੁਣ ਮੇਰੀ ਉਮਰ 30 ਸਾਲ ਤੋਂ ਵੱਧ ਹੈ ਅਤੇ ਕਈ ਵਾਰ ਮੈਂ ਆਪਣੇ ਬੇਟੇ ਨੂੰ ਵੀ ਇੱਥੇ ਲਿਆਉਂਦਾ ਹਾਂ," ਉਹ ਕਹਿੰਦੇ ਹਨ।
ਦਰਵੇਸ਼ੀ ਭਾਈਚਾਰੇ ਦੇ ਕੁਝ ਮੈਂਬਰ ਦਰਗਾਹ ਦੇ ਬੇਸਮੈਂਟ ਵਿੱਚ ਇੱਕ ਚਟਾਈ 'ਤੇ ਸੌਂ ਰਹੇ ਸਨ। ਅਮਜਦ ਨੇ ਆਪਣਾ ਬੈਗ ਵੀ ਕੰਧ ਦੇ ਨੇੜੇ ਰੱਖਿਆ ਹੋਇਆ ਸੀ। ਉਨ੍ਹਾਂ ਨੇ ਇਸ ਵਿੱਚੋਂ ਚਟਾਈ ਕੱਢੀ ਅਤੇ ਇਸਨੂੰ ਫਰਸ਼ 'ਤੇ ਫੈਲਾ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਘਰ ਜਲਗਾਓਂ ਜ਼ਿਲ੍ਹੇ ਦੇ ਪਚੋਰਾ ਦੀ ਗੋਂਡ ਬਸਤੀ ਵਿਖੇ ਹੈ।
ਅਮਜਦ ਇਸ ਗੱਲ ਦੀ ਬਹੁਤੀ ਪਰਵਾਹ ਨਹੀਂ ਕਰਦੇ ਕਿ ਕੋਈ ਉਨ੍ਹਾਂ ਨੂੰ ਹਿੰਦੂ ਸਮਝਦਾ ਹੈ ਜਾਂ ਮੁਸਲਮਾਨ। ਮੈਂ ਉਨ੍ਹਾਂ ਦੇ ਪਰਿਵਾਰ ਬਾਰੇ ਪੁੱਛਿਆ। "ਮੇਰੇ ਪਿਤਾ ਅਤੇ ਦੋ ਮਾਵਾਂ ਹਨ। ਅਸੀਂ ਚਾਰ ਭਰਾ ਹਾਂ। ਮੈਂ ਸਾਰਿਆਂ ਵਿੱਚੋਂ ਵੱਡਾ ਹਾਂ। ਮੇਰੇ ਬਾਅਦ ਸ਼ਾਹਰੁਖ, ਸੇਠ ਅਤੇ ਛੋਟਾ ਬਾਬਰ ਹੈ। ਮੇਰਾ ਜਨਮ ਪੰਜ ਧੀਆਂ ਤੋਂ ਬਾਅਦ ਹੋਇਆ।'' ਜਦੋਂ ਮੈਂ ਉਨ੍ਹਾਂ ਤੋਂ ਮੁਸਲਿਮ ਨਾਵਾਂ ਬਾਰੇ ਪੁੱਛਿਆ, ਤਾਂ ਉਨ੍ਹਾਂ ਕਿਹਾ,"ਸਾਡੇ ਗੋਂਡਾਂ ਦੇ ਹਿੰਦੂ ਅਤੇ ਮੁਸਲਿਮ ਨਾਮ ਹਨ। ਸਾਡਾ ਕੋਈ ਧਰਮ ਨਹੀਂ ਹੈ। ਅਸੀਂ ਜਾਤ-ਪਾਤ ਵਿੱਚ ਵਿਸ਼ਵਾਸ ਨਹੀਂ ਕਰਦੇ। ਹਮਾਰਾ ਧਰਮ ਕੁਛ ਅਲੱਗ ਹੈ। ਅਸੀਂ ਰਾਜਗੋਂਡ ਹਾਂ," ਉਸਨੇ ਕਿਹਾ।
ਜਨਤਕ ਖੇਤਰ ਵਿੱਚ ਉਪਲਬਧ ਜਾਣਕਾਰੀ ਅਨੁਸਾਰ, ਲਗਭਗ 300 ਸਾਲ ਪਹਿਲਾਂ, ਰਾਜਗੋਂਡ ਆਦਿਵਾਸੀਆਂ ਦੇ ਇੱਕ ਹਿੱਸੇ ਨੇ ਇਸਲਾਮ ਕਬੂਲ ਕਰ ਲਿਆ ਸੀ। ਉਹ ਮੁਸਲਿਮ/ਮੁਸਲਿਮ ਗੋਂਡ ਵਜੋਂ ਜਾਣੇ ਜਾਂਦੇ ਸਨ। ਇਸ ਮੁਸਲਿਮ ਗੋਂਡ ਭਾਈਚਾਰੇ ਦੇ ਕੁਝ ਮੈਂਬਰ ਮਹਾਰਾਸ਼ਟਰ ਦੇ ਨਾਗਪੁਰ ਅਤੇ ਜਲਗਾਓਂ ਜ਼ਿਲ੍ਹਿਆਂ ਵਿੱਚ ਮਿਲ ਸਕਦੇ ਹਨ। ਪਰ ਅਮਜਦ ਨੂੰ ਇਸ ਇਤਿਹਾਸ ਦੀ ਜਾਣਕਾਰੀ ਨਹੀਂ ਹੈ।
"ਅਸੀਂ ਮੁਸਲਮਾਨਾਂ ਨਾਲ਼ ਵਿਆਹ ਨਹੀਂ ਕਰਦੇ। ਅਸੀਂ ਸਿਰਫ਼ ਗੋਂਡਾਂ ਵਿੱਚ ਹੀ ਰਹਿੰਦੇ ਹਾਂ। ਮੇਰੀ ਪਤਨੀ ਚੰਦਨੀ ਗੋਂਡ ਹੈ," ਉਹ ਅੱਗੇ ਕਹਿੰਦੇ ਹਨ। "ਮੇਰੀਆਂ ਬੇਟੀਆਂ ਲਾਜੋ, ਆਲੀਆ ਅਤੇ ਅਲੀਮਾ ਹਨ। ਉਹ ਸਾਰੇ ਗੋਂਡ ਹਨ, ਠੀਕ?" ਅਮਜਦ ਇਸ ਗੱਲ ਨਾਲ਼ ਸਹਿਮਤ ਨਹੀਂ ਹਨ ਕਿ ਧਰਮ ਦੀ ਪਛਾਣ ਨਾਵਾਂ ਦੇ ਆਧਾਰ 'ਤੇ ਕੀਤੀ ਜਾ ਸਕਦੀ ਹੈ। ਉਹ ਮੈਨੂੰ ਆਪਣੀਆਂ ਭੈਣਾਂ ਬਾਰੇ ਦੱਸਦੇ ਹਨ। "ਮੇਰੀ ਵੱਡੀ ਭੈਣ ਨਿਸ਼ੋਰੀ ਹੈ ਅਤੇ ਉਸ ਤੋਂ ਛੋਟੀ ਰੇਸ਼ਮਾ ਹੈ। ਸੌਸਲ ਅਤੇ ਦੀਡੋਲੀ ਰੇਸ਼ਮਾ ਤੋਂ ਛੋਟੀਆਂ ਹਨ। ਦੇਖੋ, ਇਹ ਸਾਰੇ ਗੋਂਡ ਨਾਮ ਹਨ। ਪਰ ਸਭ ਤੋਂ ਛੋਟੀ ਮੈਰੀ ਹੈ। ਯੇ ਨਾਮ ਤੋ ਕਿਰਿਸ਼ਚਨ ਮੇਂ ਆਤਾ ਹੈ । ਇਸ ਨਾਲ਼ ਕੋਈ ਸਮੱਸਿਆ ਨਹੀਂ ਹੈ। ਅਸੀਂ ਉਹੀ ਵਰਤਦੇ ਹਾਂ ਜੋ ਸਾਨੂੰ ਪਸੰਦ ਹੈ।" ਨਿਸ਼ੋਰੀ 45 ਸਾਲਾਂ ਦੀ ਹੈ, ਅਤੇ ਛੋਟੀ ਮੈਰੀ ਹੁਣ ਤੀਹ ਸਾਲ ਦੀ ਹੈ। ਇਨ੍ਹਾਂ ਸਾਰਿਆਂ ਦਾ ਵਿਆਹ ਗੋਂਡ ਭਾਈਚਾਰੇ ਦੇ ਮੁੰਡਿਆਂ ਨਾਲ਼ ਹੋਇਆ ਹੈ। ਉਨ੍ਹਾਂ ਵਿੱਚੋਂ ਕੋਈ ਵੀ ਸਕੂਲ ਨਹੀਂ ਗਿਆ।
ਅਮਜਦ ਦੀ ਪਤਨੀ ਚੰਦਨੀ ਵੀ ਅਨਪੜ੍ਹ ਹਨ। ਆਪਣੀਆਂ ਧੀਆਂ ਦੀ ਸਕੂਲੀ ਪੜ੍ਹਾਈ ਬਾਰੇ ਪੁੱਛੇ ਜਾਣ 'ਤੇ, ਉਨ੍ਹਾਂ ਕਿਹਾ,"ਮੇਰੀਆਂ ਧੀਆਂ ਸਰਕਾਰੀ ਸਕੂਲ ਵਿੱਚ ਜਾਂਦੀਆਂ ਹਨ। ਪਰ ਸਾਡੇ ਭਾਈਚਾਰੇ ਵਿੱਚ ਕੁੜੀਆਂ ਦੀ ਸਿੱਖਿਆ ਲਈ ਬਹੁਤਾ ਉਤਸ਼ਾਹ ਨਹੀਂ ਦਿੱਤਾ ਜਾਂਦਾ।''
"ਮੇਰੇ ਇੱਕ ਬੇਟੇ ਦਾ ਨਾਮ ਨਵਾਜ਼ ਹੈ ਅਤੇ ਦੂਜੇ ਦਾ ਨਾਮ ਗ਼ਰੀਬ ਹੈ!" ਖਵਾਜਾ ਮੋਇਨੂਦੀਨ ਚਿਸ਼ਤੀ ਨੂੰ 'ਗ਼ਰੀਬ ਨਵਾਜ਼' ਵਜੋਂ ਜਾਣਿਆ ਜਾਂਦਾ ਹੈ, ਜਿਸਦਾ ਮਤਲਬ ਹੈ ਗਰੀਬਾਂ ਦਾ ਰੱਖਿਅਕ। ਅਮਜਦ ਨੇ ਆਪਣੇ ਬੱਚਿਆਂ ਦੇ ਨਾਮ ਰੱਖਣ ਲਈ ਇਨ੍ਹਾਂ ਦੋ ਸ਼ਬਦਾਂ ਦੀ ਵਰਤੋਂ ਕੀਤੀ ਹੈ। ''ਸਿਰਫ਼ ਨਵਾਜ਼ ਦੀ ਹੀ ਨਹੀਂ ਹਨ, ਸਗੋਂ ਗ਼ਰੀਬ ਦੀ ਪੜ੍ਹਾਈ ਵੀ ਯਕੀਨੀ ਬਣਾਵਾਂਗਾ। ਉਹ ਮੇਰੇ ਵਾਂਗ ਭਟਕਣ ਵਾਲ਼ਾ ਨਹੀ ਬਣੇਗਾ!" ਅੱਠ ਸਾਲ ਦਾ ਗ਼ਰੀਬ ਹੁਣ ਤੀਜੀ ਜਮਾਤ ਵਿੱਚ ਪੜ੍ਹ ਰਿਹਾ ਹੈ। ਪਰ ਇਹ ਮੁੰਡਾ ਆਪਣੇ ਕੱਵਾਲ ਪਿਤਾ ਨਾਲ਼ ਘੁੰਮਦਾ ਰਹਿੰਦਾ ਹੈ।
ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮਰਦਾਂ ਨੇ ਕੱਵਾਲੀ ਨੂੰ ਹੀ ਆਪਣਾ ਪੇਸ਼ਾ ਬਣਾ ਲਿਆ ਹੈ।
"ਤੁਸੀਂ ਜਾਣਦੇ ਹੋ, ਅਸੀਂ ਗੋਂਡ ਕੁਝ ਵੀ ਵੇਚ ਸਕਦੇ ਹਾਂ, ਇੱਥੋਂ ਤੱਕ ਕਿ ਮੁੱਠੀ ਭਰ ਮਿੱਟੀ ਵੀ। ਅਸੀਂ ਕੰਨ ਸਾਫ਼ ਕਰਦੇ ਹਾਂ, ਅਸੀਂ ਖ਼ਜ਼ੂਰਾਂ ਵੇਚਦੇ ਹਾਂ। ਘਰ ਸੇ ਨਿਕਲ ਗਏ, ਤੋ ਹਜ਼ਾਰ- ਪਾਂਚ ਸੌ ਕਾਮਾਕੇਯਿਚ ਲੇਤੇਂ," ਅਮਜਦ ਕਹਿੰਦੇ ਹਨ। ਸ਼ਿਕਾਇਤ ਦੇ ਲਹਿਜੇ ਵਿੱਚ ਗੱਲ ਅੱਗੇ ਤੋਰਦੇ ਹਨ,"ਲੋਕ ਪੈਸਾ ਬਰਬਾਦ ਕਰਦੇ ਹਨ ਤੇ ਬੱਚਤ ਨਹੀਂ ਕਰਦੇ। ਸਾਡਾ ਕੋਈ ਖਾਸ ਪੇਸ਼ਾ ਤਾਂ ਨਹੀਂ ਹੈ ਤੇ ਨਾ ਹੀ ਸਾਡੇ ਵਿੱਚੋਂ ਕੋਈ ਜਣਾ ਕਿਸੇ ਕਿਸਮ ਦੀ ਸੇਵਾ ਵਿੱਚ ਲੱਗੇ ਹੋਏ ਹਾਂ।''
ਅਮਜਦ ਦੇ ਪਿਤਾ ਨੇ ਆਮਦਨ ਜਾਂ ਰੁਜ਼ਗਾਰ ਦੇ ਸਥਿਰ ਸਰੋਤ ਦੀ ਪੂਰੀ ਘਾਟ ਨਾਲ਼ ਨਜਿੱਠਣ ਲਈ ਕੱਵਾਲੀ ਗਾਉਣ ਵੱਲ ਰੁਖ ਕੀਤਾ। "ਮੇਰੇ ਦਾਦਾ ਜੀ ਵਾਂਗ, ਮੇਰੇ ਪਿਤਾ ਜੀ ਜੜ੍ਹੀ-ਬੂਟੀਆਂ ਅਤੇ ਖਜੂਰ ਵੇਚਣ ਲਈ ਘੁੰਮਦੇ ਰਹਿੰਦੇ ਸਨ। ਉਨ੍ਹਾਂ ਨੂੰ ਸੰਗੀਤ ਪਸੰਦ ਰਿਹਾ ਹੈ। ਇਸ ਲਈ ਉਹ ਕੱਵਾਲੀ ਦੇ ਰਾਹ ਪੈ ਗਏ। ਪਿਤਾ ਜੀ ਜਿੱਥੇ ਵੀ ਜਾਂਦੇ ਸਨ, ਮੈਂ ਵੀ ਉੱਥੇ ਜਾਂਦਾ। ਮੇਰੇ ਪਿਤਾ ਨੇ ਹੌਲ਼ੀ-ਹੌਲ਼ੀ ਸਮਾਗਮਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ, ਅਤੇ ਮੈਂ ਉਨ੍ਹਾਂ ਨੂੰ ਦੇਖ ਕੇ ਕਲਾ ਸਿੱਖ ਗਿਆ।''
"ਕੀ ਤੁਸੀਂ ਸਕੂਲ ਨਹੀਂ ਗਏ?" ਮੈਂ ਪੁੱਛਿਆ।
ਅਮਜਾਦ ਨੇ ਚੂਨੇ ਦਾ ਇੱਕ ਪੈਕੇਟ ਕੱਢਿਆ, ਉਂਗਲ ਨਾਲ਼ ਦਾਣੇ ਕੁ ਜਿੰਨਾ ਬਾਹਰ ਕੱਢਿਆ ਤੇ ਜੀਭ ਨਾਲ਼ ਚੱਟਦਿਆਂ ਕਿਹਾ, "ਮੈਂ ਦੂਜੀ ਜਾਂ ਤੀਜੀ ਜਮਾਤ ਤੱਕ ਸਕੂਲ ਗਿਆ ਸੀ, ਉਸ ਤੋਂ ਬਾਅਦ ਨਹੀਂ ਗਿਆ। ਪਰ ਮੈਂ ਪੜ੍ਹ ਅਤੇ ਲਿਖ ਸਕਦਾ ਹਾਂ। ਮੈਨੂੰ ਅੰਗਰੇਜੀ ਵੀ ਆਉਂਦੀ ਹੈ।'' ਉਨ੍ਹਾਂ ਨੂੰ ਇੰਝ ਜ਼ਰੂਰ ਲੱਗਦਾ ਹੈ ਕਿ ਜੇ ਉਹ ਅੱਗੇ ਪੜ੍ਹੇ-ਲਿਖੇ ਹੁੰਦੇ ਤਾਂ ਜ਼ਿੰਦਗੀ ਵੱਖਰੀ ਤਰ੍ਹਾਂ ਦੀ ਹੁੰਦੀ। ਉਨ੍ਹਾਂ ਨੂੰ ਸਕੂਲ ਛੱਡਣ ਦਾ ਪਛਤਾਵਾ ਹੈ।'' ਉਹ ਕਹਿੰਦੇ ਹਨ, "ਉਸ ਕੀ ਵਜਾਹ ਤੋਂ ਹਮ ਪੀਛੇ ਹੈਂ।'' ਅਮਜਦ ਦੇ ਭਰਾਵਾਂ ਦਾ ਵੀ ਇਹੋ ਹਾਲ ਹੈ। ਉਹ ਸਾਰੇ ਸਿਰਫ਼ ਇੰਨਾ ਕੁ ਸਕੂਲ ਗਏ ਹਨ ਕਿ ਪੜ੍ਹ ਤੇ ਲਿਖ ਸਕਣ। ਫਿਰ ਕੰਮ ਨੇ ਉਨ੍ਹਾਂ ਨੂੰ ਪੜ੍ਹਾਈ ਤੋਂ ਦੂਰ ਕਰ ਦਿੱਤਾ।
"ਸਾਡੇ ਪਿੰਡ ਵਿੱਚ 50 ਗੋਂਡ ਪਰਿਵਾਰ ਹਨ। ਬਾਕੀ ਸਾਰੇ ਹਿੰਦੂ, ਮੁਸਲਮਾਨ ਅਤੇ 'ਜੈ ਭੀਮ' (ਦਲਿਤ) ਹਨ। ਉਹ ਸਾਰੇ ਉੱਥੇ ਰਹਿੰਦੇ ਹਨ," ਅਮਜਦ ਕਹਿੰਦੇ ਹਨ। "ਤੁਸੀਂ ਸਾਡੇ ਤੋਂ ਇਲਾਵਾ ਇਨ੍ਹਾਂ ਸਾਰੇ ਭਾਈਚਾਰਿਆਂ ਵਿੱਚ ਪੜ੍ਹੇ-ਲਿਖੇ ਲੋਕਾਂ ਨੂੰ ਲੱਭ ਸਕਦੇ ਹੋ। ਪਰ ਮੇਰਾ ਭਤੀਜਾ ਪੜ੍ਹਿਆ-ਲਿਖਿਆ ਹੈ। ਉਸ ਦਾ ਨਾਮ ਸ਼ਿਵਾ ਹੈ।'' ਸ਼ਿਵਾ 15 ਜਾਂ 16 ਸਾਲ ਦੀ ਉਮਰ ਤੱਕ ਸਕੂਲ ਜਾਂਦਾ ਰਿਹਾ। ਬਾਅਦ ਵਿੱਚ ਉਹ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ। ਪਰ ਉਹਦਾ ਸੁਪਨਾ ਸੱਚ ਨਾ ਹੋਇਆ। ਹੁਣ ਉਹ ਪੁਲਿਸ ਦੀਆਂ ਨੌਕਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਜਦ ਦੇ ਪਰਿਵਾਰ ਵਿੱਚ ਘੱਟੋ ਘੱਟ ਇੱਕ ਨੌਜਵਾਨ ਕੈਰੀਅਰ ਅਤੇ ਸਿੱਖਿਆ ਬਾਰੇ ਸੋਚ ਰਿਹਾ ਹੈ।
ਅਮਜਦ ਦਾ ਵੀ ਕੈਰੀਅਰ ਹੈ। ਸਾਡੀ ਇੱਕ ਪਾਰਟੀ ਹੈ ਜਿਸਨੂੰ ਕੇਜੀਐਨ ਕੱਵਾਲੀ ਪਾਰਟੀ ਕਿਹਾ ਜਾਂਦਾ ਹੈ। ਕੇਜੀਐਨ ਦਾ ਮਤਲਬ ਖਵਾਜਾ ਗਰੀਬ ਨਵਾਜ਼ ਹੈ। ਉਨ੍ਹਾਂ ਨੇ ਇਸ ਦੀ ਸ਼ੁਰੂਆਤ ਆਪਣੇ ਭਰਾਵਾਂ ਨਾਲ਼ ਕੀਤੀ ਹੈ। ਉਹ ਵਿਆਹਾਂ ਅਤੇ ਹੋਰ ਸਮਾਰੋਹਾਂ ਵਿੱਚ ਪ੍ਰਦਰਸ਼ਨ ਕਰਦੇ ਹਨ। "ਤੁਸੀਂ ਕਿੰਨੀ ਕਮਾਈ ਕਰਦੇ ਹੋ?" ਮੈਂ ਪੁੱਛਿਆ। ਇਹ ਪ੍ਰਬੰਧਕਾਂ 'ਤੇ ਨਿਰਭਰ ਕਰਦਾ ਹੈ। ਸਾਨੂੰ 5,000 ਤੋਂ 10,000 ਰੁਪਏ ਮਿਲ਼ਦੇ ਹਨ। ਕੁਝ ਦਰਸ਼ਕ ਵੀ ਪੈਸੇ ਦਿੰਦੇ ਹਨ। ਕੁੱਲ ਮਿਲਾ ਕੇ, ਅਸੀਂ ਪ੍ਰਤੀ ਇਵੈਂਟ ਲਗਭਗ 15,000 ਤੋਂ 20,000 ਰੁਪਏ ਕਮਾਉਂਦੇ ਹਾਂ," ਅਮਜਦ ਕਹਿੰਦੇ ਹਨ। ਕਮਾਏ ਗਏ ਪੈਸੇ ਨੂੰ ਟੀਮ ਦੇ ਮੈਂਬਰਾਂ ਵਿੱਚ ਸਾਂਝਾ ਕੀਤਾ ਜਾਂਦਾ ਹੈ। ਕਿਸੇ ਨੂੰ ਵੀ 2,000-3,000 ਰੁਪਏ ਤੋਂ ਵੱਧ ਨਹੀਂ ਮਿਲ਼ਦਾ। ਵਿਆਹ ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਕੋਈ ਸ਼ੋਅ ਨਹੀਂ ਹੁੰਦਾ। ਇਸ ਤੋਂ ਬਾਅਦ ਅਮਜਦ ਪੁਣੇ ਆ ਜਾਂਦੇ ਹਨ।
ਖੇੜ ਸ਼ਿਵਪੁਰ 'ਚ ਹਜ਼ਰਤ ਕਮਰ ਅਲੀ ਦਰਵੇਸ਼ ਦੀ ਦਰਗਾਹ 'ਤੇ ਉਨ੍ਹਾਂ ਨੂੰ ਹਮੇਸ਼ਾ ਕੁਝ ਨਾ ਕੁਝ ਪੈਸੇ ਮਿਲ਼ਦੇ ਹਨ। ਉਹ ਰਾਤ ਬੇਸਮੈਂਟ ਵਿੱਚ ਬਿਤਾਉਂਦੇ ਹਨ। '' ਊ ਪਰ ਵਾਲ਼ਾ ਭ ੂ ਖਾ ਨਹੀਂ ਸੁਲਾਤਾ !" ਬਹੁਤ ਸਾਰੇ ਲੋਕ ਆਪਣੀ ਇੱਛਾ ਪੂਰੀ ਹੋਣ 'ਤੇ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਲਈ ਇੱਥੇ ਦਾਵਤ ਕਰਦੇ ਹਨ ਜਾਂ ਕੁਝ ਭੋਜਨ ਵੰਡਦੇ ਹਨ। ਉਹ ਇੱਥੇ ਇੱਕ ਹਫ਼ਤਾ ਰਹਿੰਦੇ ਹਨ ਅਤੇ ਕੱਵਾਲੀ ਗਾਉਂਦੇ ਹਨ। ਫਿਰ ਉਹ ਉਸ ਹਫ਼ਤੇ ਦੀ ਕਮਾਈ ਲੈ ਕੇ ਘਰ ਚਲੇ ਜਾਂਦੇ ਹਨ। ਇਹ ਉਨ੍ਹਾਂ ਦਾ ਰੁਟੀਨ ਹੈ। ਜਦੋਂ ਅਮਜਦ ਨੂੰ ਉਨ੍ਹਾਂ ਦੀ ਕਮਾਈ ਬਾਰੇ ਪੁੱਛਿਆ ਗਿਆ ਤਾਂ ਉਹ ਕਹਿੰਦੇ ਹਨ ਕਿ ਇਹ 10,000 ਰੁਪਏ ਤੋਂ 20,000 ਰੁਪਏ ਦੇ ਵਿਚਕਾਰ ਹੈ। "ਪਰ ਕੋਈ ਲਾਲਚ ਨਹੀਂ ਹੋਣਾ ਚਾਹੀਦਾ। ਤੁਸੀਂ ਵਧੇਰੇ ਪੈਸਾ ਕਿੱਥੇ ਕਮਾਉਂਦੇ ਹੋ ਅਤੇ ਇਸ ਨੂੰ ਕਿੱਥੇ ਰੱਖਦੇ ਹੋ? ਇਸ ਲਈ ਮੈਂ ਜੋ ਵੀ ਕਮਾਉਂਦਾ ਹਾਂ, ਉਸ ਨੂੰ ਲੈ ਕੇ ਘਰ ਵਾਪਸ ਜਾਂਦਾ ਹਾਂ," ਉਹ ਕਹਿੰਦੇ ਹਨ।
"ਕੀ ਇਹ ਗੁਜ਼ਾਰੇ ਲਈ ਕਾਫ਼ੀ ਹੈ? ਮੈਂ ਪੁੱਛਿਆ। " ਹਾਂ , ਚਲ ਜਾਤਾ ਹੈ ! ਮੈਂ ਪਿੰਡ ਗਿਆ ਹੁੰਦਾ ਹਾਂ ਅਤੇ ਉੱਥੇ ਵੀ ਕੰਮ ਕਰਦਾ ਹਾਂ," ਉਨ੍ਹਾਂ ਕਿਹਾ। ਮੈਂ ਹੈਰਾਨ ਸੀ ਕਿ ਉਹ ਪਿੰਡ ਵਿੱਚ ਕੀ ਕਰ ਸਕਦੇ ਹਨ। ਕਿਉਂਕਿ ਉਨ੍ਹਾਂ ਕੋਲ ਜ਼ਮੀਨ ਜਾਂ ਕੋਈ ਹੋਰ ਜਾਇਦਾਦ ਨਹੀਂ ਹੈ।
ਅਮਜਦ ਨੇ ਮੇਰਾ ਸ਼ੱਕ ਦੂਰ ਕਰ ਦਿੱਤਾ ਅਤੇ ਕਿਹਾ, "ਰੇਡੀਅਮ ਕੰਮ ਕਰਦਾ ਹੈ। ਮੈਂ ਆਰਟੀਓ (ਖੇਤਰੀ ਟਰਾਂਸਪੋਰਟ ਦਫ਼ਤਰ) ਦਫ਼ਤਰ ਜਾਂਦਾ ਹਾਂ ਤੇ ਗੱਡੀਆਂ 'ਤੇ ਨਾਮ ਅਤੇ ਨੰਬਰ ਪਲੇਟਾਂ ਲਿਖਦਾ ਹਾਂ। ਜਦੋਂ ਕੱਵਾਲੀ ਦਾ ਕੋਈ ਪ੍ਰੋਗਰਾਮ ਨਹੀਂ ਹੁੰਦਾ ਤਾਂ ਸਾਨੂੰ ਖਾਲੀ ਬੈਠਣਾ ਪੈਂਦਾ ਸੀ। ਇਸ ਲਈ ਮੈਂ ਕੁਝ ਹੋਰ ਕਰਨ ਦਾ ਫੈਸਲਾ ਕੀਤਾ, ਆਪਣੇ ਬੈਗ ਵਿਚ ਕੁਝ ਰੇਡੀਅਮ ਪੇਂਟ ਪਾਇਆ, ਰਸਤੇ ਵਿੱਚ ਜਾਂਦੇ ਵਾਹਨਾਂ ਨੂੰ ਰੋਕਿਆ ਅਤੇ ਉਨ੍ਹਾਂ ਨੂੰ ਦੁਲਹਨਾਂ ਵਾਂਗ ਸਜਾਇਆ।'' ਇਹ ਉਨ੍ਹਾਂ ਦਾ ਉਪ-ਕਿੱਤਾ ਹੈ ਅਤੇ ਉਹ ਸੜਕ 'ਤੇ ਕਲਾ ਦੀ ਵਰਤੋਂ ਕਰਕੇ ਕੁਝ ਪੈਸੇ ਕਮਾ ਲੈਂਦੇ।
ਅਮਜਦ ਦੇ ਭਾਈਚਾਰੇ ਕੋਲ਼ ਵਸੀਲਿਆਂ ਦੇ ਬਹੁਤੇ ਵਿਕਲਪ ਨਹੀਂ ਹਨ ਤੇ ਕੁਝ ਲੋਕ ਹੀ ਹਨ ਜੋ ਉਨ੍ਹਾਂ ਦੀ ਕਲਾ ਦੀ ਸ਼ਲਾਘਾ ਕਰਦੇ ਹਨ। ਪਰ ਹੁਣ ਕੁਝ ਤਬਦੀਲੀ ਆਈ ਹੈ। ਭਾਰਤੀ ਲੋਕਤੰਤਰ ਉਨ੍ਹਾਂ ਦੇ ਜੀਵਨ ਵਿੱਚ ਉਮੀਦ ਦੀ ਕਿਰਨ ਲੈ ਕੇ ਆਇਆ ਹੈ। "ਮੇਰੇ ਪਿਤਾ ਸਰਪੰਚ (ਪਿੰਡ ਦੇ ਮੁਖੀ) ਹਨ," ਉਹ ਕਹਿੰਦੇ ਹਨ, ''ਉਨ੍ਹਾਂ ਨੇ ਪਿੰਡ ਲਈ ਬਹੁਤ ਸਾਰੇ ਚੰਗੇ ਕੰਮ ਕੀਤੇ ਹਨ। ਪਹਿਲਾਂ ਸਾਡੇ ਪਿੰਡ ਰਸਤੇ ਕੱਚੇ ਸਨ, ਪਰ ਉਨ੍ਹਾਂ ਨੇ ਸੜਕ ਬਣਵਾ ਦਿੱਤੀ।''
ਸਥਾਨਕ ਸੰਸਥਾਵਾਂ ਵਿੱਚ ਆਦਿਵਾਸੀ ਰਾਖਵੇਂਕਰਨ ਨੇ ਇਹ ਸੰਭਵ ਬਣਾਇਆ ਹੈ। ਅਮਜਦ ਆਪਣੇ ਹੀ ਲੋਕਾਂ ਤੋਂ ਨਾਖੁਸ਼ ਹਨ। "ਕੀ ਲੋਕਾਂ ਨੂੰ ਸਰਪੰਚਾਂ ਤੋਂ ਅਲੱਗ ਜਾਣਾ ਚਾਹੀਦਾ ਹੈ? ਮੇਰੇ ਲੋਕ ਅਜਿਹਾ ਕਰਦੇ ਹਨ। ਜੇ ਉਨ੍ਹਾਂ ਦੇ ਹੱਥ ਵਿੱਚ ਥੋੜ੍ਹਾ ਪੈਸਾ ਵੀ ਆ ਜਾਵੇ ਤਾਂ ਉਹ ਚਿਕਨ ਅਤੇ ਮੱਛੀ ਖਰੀਦਦੇ ਹਨ। ਉਹ ਸਾਰਾ ਪੈਸਾ ਖਰਚ ਦਿੰਦੇ ਹਨ ਤੇ ਮਜ਼ੇ ਕਰਦੇ ਹਨ। ਕੋਈ ਵੀ ਭਵਿੱਖ ਬਾਰੇ ਨਹੀਂ ਸੋਚਦਾ," ਉਹ ਸ਼ਿਕਾਇਤ ਕਰਦੇ ਹਨ।
ਇਹ ਚੰਗੀ ਤਰ੍ਹਾਂ ਜਾਣਦੇ ਹੋਏ ਕਿ ਵੋਟ ਪਾਉਣਾ ਇੱਕ ਗੁਪਤ ਮਾਮਲਾ ਹੈ, ਮੈਂ ਉਨ੍ਹਾਂ ਨੂੰ ਪੁੱਛਿਆ, "ਤੁਸੀਂ ਕਿਸ ਨੂੰ ਵੋਟ ਦੇਵੋਂਗੇ?" "ਪਹਿਲਾਂ, ਅਸੀਂ ਪੰਜੇ (ਕਾਂਗਰਸ ਪਾਰਟੀ ਦਾ ਹੱਥ ਦਾ ਨਿਸ਼ਾਨ) ਨੂੰ ਪਾਉਂਦੇ ਸਾਂ। ਹੁਣ ਭਾਜਪਾ ਹਰ ਜਗ੍ਹਾ ਵੱਡੇ ਪੱਧਰ 'ਤੇ ਜਿੱਤ ਰਹੀ ਹੈ। ਸਾਨੂੰ ਜਾਤੀ ਪੰਚਾਇਤ ਦੇ ਦੱਸੇ ਅਨੁਸਾਰ ਵੋਟ ਪਾਉਣੀ ਪਵੇਗੀ। ਜੋ ਚਲ ਰਹਾ ਹੈ , ਵਹੀਂ ਚਲ ਰਹਾ ਹੈ । ਉਨ੍ਹਾਂ ਕਿਹਾ ਕਿ ਮੇਰਾ ਰਾਜਨੀਤੀ ਨਾਲ਼ ਕੋਈ ਲੈਣਾ ਦੇਣਾ ਨਹੀਂ ਹੈ।
"ਕੀ ਤੁਸੀਂ ਪੀਂਦੇ ਹੋ?" ਮੈਂ ਪੁੱਛਿਆ, ਅਤੇ ਉਨ੍ਹਾਂ ਨੇ ਇਨਕਾਰ ਕਰ ਦਿੱਤਾ। "ਨਹੀਂ, ਬਿਲਕੁਲ ਨਹੀਂ... ਬੀੜੀ, ਸ਼ਰਾਬ ਕੋਈ ਆਦਤ ਨਹੀਂ ਹੈ। ਮੇਰੇ ਭਾਈ ਬੀਡੀਆ ਪੀਤੇ , ਪੁਡਿਆ ਖਾਤੇ । ਪਰ ਮੈਨੂੰ ਉਹ ਆਦਤਾਂ ਨਹੀਂ ਹਨ।'' ਮੈਂ ਉਨ੍ਹਾਂ ਦੇ ਮੂੰਹੋਂ ਸੁਣਨਾ ਚਾਹੁੰਦਾ ਸਾਂ ਕਿ ਇਨ੍ਹਾਂ ਚੀਜਾਂ ਵਿੱਚ ਬੁਰਾਈ ਕੀ ਹੈ।
"ਮੈਂ ਇੱਕ ਵੱਖਰੇ ਰਸਤੇ 'ਤੇ ਹਾਂ! ਜੇ ਕੋਈ ਸ਼ਰਾਬ ਪੀਂਦਾ ਤੇ ਕੱਵਾਲੀ ਗਾਉਂਦਾ ਹੈ, ਤਾਂ ਉਸ ਦੀ ਇੱਜ਼ਤ ਨਹੀਂ ਹੋਵੇਗੀ। ਅਜਿਹਾ ਪੁੱਠਾ ਕੰਮ ਕਰਨਾ ਹੀ ਕਿਉਂ? ਇਸ ਲਈ ਮੈਂ ਕਦੇ ਵੀ ਇਹ ਆਦਤਾਂ ਨਹੀਂ ਪਾਈਆਂ," ਅਮਜਦ ਕਹਿੰਦੇ ਹਨ।
ਤੁਹਾਨੂੰ ਕਿਹੜੀ ਕੱਵਾਲੀ ਪਸੰਦ ਹੈ? "ਮੈਨੂੰ ਸੰਸਕ੍ਰਿਤ ਵਿੱਚ ਇੱਕ ਪਸੰਦ ਹੈ। ਮੈਨੂੰ ਇਹ ਗਾਉਣਾ ਅਤੇ ਸੁਣਨਾ ਦੋਵੇਂ ਪਸੰਦ ਹਨ," ਉਹ ਕਹਿੰਦੇ ਹਨ। ਸੰਸਕ੍ਰਿਤ ਕੱਵਾਲੀ? ਮੈਂ ਉਤਸੁਕ ਸੀ। "ਅਸਲਮ ਸਾਬਰੀ ' ਕਿਰਪਾ ਕਰੋ ਮਹਾਰਾਜ ... ' ਉਨ੍ਹਾਂ ਨੇ ਗਾਉਣਾ ਸ਼ੁਰੂ ਕੀਤਾ। ਕਿੰਨਾ ਮਿੱਠਾ ਸੁਮੇਲ ਹੈ। ਇਹ ਸੰਸਕ੍ਰਿਤ ਹੈ ਜੋ ਮੇਰੀ ਆਤਮਾ ਨੂੰ ਛੂਹਦੀ ਹੈ। ਕੱਵਾਲੀ ਭਗਵਾਨ ਕੇ ਲਿਏ ਗਾਓ , ਯਾ ਨਬੀ ਕੇ ਲਿਏ , ਦਿਲ ਕੋ ਛੂ ਜਾਏ ਬੱਸ । ''
ਅਮਜਦ ਅਨੁਸਾਰ, ਹਿੰਦੂ ਦੇਵਤਾ ਦੀ ਪ੍ਰਸ਼ੰਸਾ ਕਰਦੀ ਕੱਵਾਲੀ ਹੀ 'ਸੰਸਕ੍ਰਿਤ' ਹੈ। ਅਸੀਂ ਹਾਂ ਕਿ ਭਾਸ਼ਾਵਾਂ ਨੂੰ ਲੈ ਕੇ ਲੜਰਦੇ ਰਹਿੰਦੇ ਹਾਂ।
ਜਿਵੇਂ-ਜਿਵੇਂ ਦੁਪਹਿਰ ਨੇੜੇ ਆਈ, ਭੀੜ ਵਧਣੀ ਸ਼ੁਰੂ ਹੋ ਗਈ। ਆਦਮੀਆਂ ਦਾ ਇੱਕ ਸਮੂਹ ਕਬਰ ਦੇ ਸਾਹਮਣੇ ਇਕੱਠਾ ਹੋਣਾ ਸ਼ੁਰੂ ਹੋ ਗਿਆ। ਕਈਆਂ ਨੇ ਟੋਪੀਆਂ ਪਾਈਆਂ ਸਨ ਜਦਕਿ ਕਈਆਂ ਨੇ ਆਪਣੇ ਸਿਰ ਰੁਮਾਲ ਨਾਲ਼ ਢਕੇ ਹੋਏ ਸਨ। "ਹਾਂ... ਕਮਰ ਅਲੀ ਦਰਵੇਸ਼ ... ਜੈਕਾਰੇ ਮਾਰਦੇ ਹੋਏ, ਉਹ ਸਾਰੇ ਆਪਣੀਆਂ ਉਂਗਲਾਂ ਨਾਲ਼ ਭਾਰੀ ਪੱਥਰ ਚੁੱਕਣ ਲੱਗੇ। ਆਪਣੀ ਪੂਰੀ ਤਾਕਤ ਲਾ ਕੇ ਫਿਰ ਉਹ ਜ਼ਮੀਨ 'ਤੇ ਦੇ ਮਾਰਦੇ ਹਨ।
ਅਮਜਦ ਮੁਰਾਦ ਗੋਂਡ ਪਰਮੇਸ਼ੁਰ ਅਤੇ ਨਬੀਆਂ ਲਈ ਗਾਉਂਦੇ ਹੀ ਜਾਂਦੇ ਹਨ।
ਤਰਜਮਾ: ਕਮਲਜੀਤ ਕੌਰ