ਮਰਹਈ ਮਾਤਾ ਦੇ ਮੰਦਿਰ ਦਾ ਚਾਰ ਫੁੱਟ ਉੱਚਾ ਦਰਵਾਜ਼ਾ ਬਹੁਤੇ ਸ਼ਰਧਾਲੂਆਂ ਨੂੰ ਸਿਰ ਝੁਕਾਉਣ ਲਈ ਮਜਬੂਰ ਕਰ ਦਿੰਦਾ ਹੈ। ਪਰ ਬਿਮਾਰਾਂ ਨੂੰ ਰਾਹਤ ਦੇਣ ਦੀ ਮਾਤਾ ਦੀ ਤਾਕਤ ਦੀ ਐਨੀ ਮਸ਼ਹੂਰੀ ਹੈ ਕਿ ਮਾਰਾ ਪਿੰਡ ਅਤੇ ਉਸ ਦੇ ਆਸ-ਪਾਸ ਤੋਂ ਆਉਣ ਵਾਲੇ ਸ਼ਰਧਾਲੂ ਉਂਝ ਵੀ ਸਿਰ ਝੁਕਾਉਂਦੇ ਹੀ ਹਨ।
“ਜੇ ਤੁਹਾਡੇ ਘਰ-ਪਰਿਵਾਰ ’ਚ ਕੋਈ ਬਿਮਾਰ ਹੈ ਤਾਂ ਤੁਸੀਂ ਆ ਕੇ ਭਗਵਤੀ ਅੱਗੇ ਪ੍ਰਾਥਨਾ ਕਰ ਸਕਦੇ ਹੋ,” ਬਾਬੂ ਸਿੰਘ ਕਹਿੰਦਾ ਹੈ। ਬੋਹੜ ਦੇ ਫੈਲਦੇ ਰੁੱਖ ਹੇਠ ਬੈਠੇ ਹੋਰਨਾਂ ਵਾਂਗ ਉਹ ਵੀ ਪੂਜਾ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ। ਭਗਵਤੀ ਇਸ ਮੰਦਿਰ ਵਿਚਲੀ ਦੇਵੀ ਹੈ। “ਉਹ ਸਮੱਸਿਆ ਦੂਰ ਕਰ ਦੇਵੇਗੀ – ਭਾਵੇਂ ਕੋਈ ਬਿਮਾਰੀ ਹੋਵੇ ਜਾਂ ਭੂਤ ਜਾਂ ਡੈਣ,” ਉਹਨੇ ਬੜੇ ਯਕੀਨ ਨਾਲ ਕਿਹਾ।
ਅੱਜ ਬੁੱਧਵਾਰ ਹੈ, ਤੇ ਅੱਜ ਦਾ ਦਿਨ ਹੋਰ ਖ਼ਾਸ ਹੈ – ਅੱਜ ਮੰਦਿਰ ਦੇ ਪੁਜਾਰੀ (ਜਿਸ ਨੂੰ ਆਮ ਕਰਕੇ ਪੰਡਾ ਕਿਹਾ ਜਾਂਦਾ ਹੈ) ਵਿੱਚ ਦੇਵੀ ਆਵੇਗੀ। ਉਹਦੇ ਜ਼ਰੀਏ, ਦੇਵੀ ਸ਼ਰਧਾਲੂਆਂ ਦੀਆਂ, ਆਮ ਕਰਕੇ ਸਿਹਤ ਬਾਰੇ, ਸਮੱਸਿਆਵਾਂ ਸੁਣੇਗੀ ਅਤੇ ਉਹਨਾਂ ਦਾ ਹੱਲ ਦੱਸੇਗੀ।
ਸ਼ਰਧਾਲੂਆਂ ਵਿੱਚ ਜ਼ਿਆਦਾਤਰ ਗਾਹਦਰਾ, ਕੋਨੀ, ਕੁੜਨ, ਖਮਰੀ, ਮਝੋਲੀ, ਮਰਹਾ, ਰਕਸੇਹਾ ਅਤੇ ਕਠਹਿਰੀ ਬਿਲਹਾਟਾ ਦੇ ਪਿੰਡਾਂ ਦੇ ਮਰਦ ਹਨ, ਪਰ ਸਿਰ ’ਤੇ ਚੁੰਨੀ ਲੈ ਕੁਝ ਔਰਤਾਂ ਵੀ ਮੌਜੂਦ ਹਨ।
“ ਆਠ ਗਾਓਂ ਕੇ ਲੋਗ ਆਤੇ ਹੈਂ ,” ਬਾਅਦ ਦੁਪਹਿਰ ਦੀ ਪੂਜਾ ਦੀ ਤਿਆਰੀ ਕਰਦਿਆਂ ਸਥਾਨਕ ਪੁਜਾਰੀ ਤੇ ਸਮੱਸਿਆਵਾਂ ਦੇ ਤਰਜਮਾਨ, ਭਈਆ ਲਾਲ ਆਦਿਵਾਸੀ ਨੇ ਦੱਸਿਆ। ਉਹ ਗੌਂਡ ਆਦਿਵਾਸੀ ਹੈ, ਤੇ ਉਹਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਦੇਵੀ ਦੀ ਸੇਵਾ ਵਿੱਚ ਲੱਗਿਆ ਹੈ।
ਮੰਦਿਰ ਵਿੱਚ ਕੁਝ ਵਿਅਕਤੀ ਢੋਲਕ ਤੇ ਹਾਰਮੋਨੀਅਮ ਸਮੇਤ ਕਈ ਸਾਜ਼ ਵਜਾ ਰਹੇ ਹਨ ਤੇ ਰਾਮ ਤੇ ਸੀਤਾ ਦਾ ਨਾਮ ਉਚਾਰ ਰਹੇ ਹਨ।
ਖੂੰਜੇ ਵਿੱਚ ਇੱਕ ਸਾਦਾ ਜਿਹਾ ਬਰਤਨ ਪਿਆ ਹੈ ਜਿਸ ਦੇ ਉੱਤੇ ਥਾਲੀ ਰੱਖੀ ਹੈ। “ ਥਾਲੀ ਬਜੇਗੀ ਆਜ ,” ਆਪਣੀ ਜਗ੍ਹਾ ’ਤੇ ਸ਼ਾਂਤ ਪਈ ਥਾਲੀ ਬਾਰੇ ਜਿਕਰ ਕਰਦਿਆਂ ਪੰਨਾ ਦੇ ਰਹਿਣ ਵਾਲੇ ਨੀਲੇਸ਼ ਤਿਵਾਰੀ ਨੇ ਕਿਹਾ।
ਭਈਆ ਲਾਲ ਨੇ ਆ ਕੇ ਝੂਲਦਿਆਂ ਦੇਵੀ ਦੇ ਸਾਹਮਣੇ ਆਪਣੀ ਜਗ੍ਹਾ ਲੈ ਲਈ ਹੈ, 2 ਕੁ ਲੋਕ ਉਸ ਦੇ ਦੁਆਲੇ ਹਨ ਜੋ ਪੂਜਾ ਵਿੱਚ ਸ਼ਾਮਲ ਹੋ ਰਹੇ ਹਨ। ਕਮਰੇ ਦਾ ਮਾਹੌਲ ਥਾਲੀ ਦੀ ਉੱਚੀ ਗੂੰਜ, ਧੂਫ਼-ਬੱਤੀਆਂ ਤੋਂ ਉੱਠ ਰਹੇ ਧੂੰਏਂ, ਮੰਦਿਰ ਸਾਹਮਣੇ ਮੱਚ ਰਹੀ ਅੱਗ ਦੀ ਰੌਸ਼ਨੀ ਨਾਲ ਭਰ ਉੱਠਿਆ, ਜਦ ਤੱਕ ਦੇਵੀ ਨੇ ਪੰਡਿਤ ਵਿੱਚੋਂ ਦਰਸ਼ਨ ਨਾ ਦਿੱਤੇ।
ਜਦ ਸੰਗੀਤ ਉੱਚਾ ਹੋਰ ਉੱਚਾ ਹੁੰਦਾ ਜਾਂਦਾ ਹੈ, ਤਾਂ ਪੰਡਾ ਰੁਕਦਾ ਹੈ, ਆਪਣੇ ਪੈਰਾਂ ’ਤੇ ਸੰਤੁਲਨ ਬਣਾਉਂਦਾ ਹੈ। ਕੋਈ ਕੁਝ ਨਹੀਂ ਕਹਿੰਦਾ, ਪਰ ਇਹ ਸਮਝ ਲਿਆ ਜਾਂਦਾ ਹੈ ਕਿ ਉਸ ਵਿੱਚ ਦੇਵੀ ਪ੍ਰਵੇਸ਼ ਕਰ ਗਈ ਹੈ। ਸ਼ਰਧਾਲੂਆਂ ਵਿੱਚ ਆਪਣੇ ਸਵਾਲਾਂ ਦੇ ਜਵਾਬ ਲੈਣ ਲਈ ਕਾਹਲੀ ਮੱਚ ਜਾਂਦੀ ਹੈ। ਭਈਆ ਲਾਲ ਦੇ ਕੰਨ ਵਿੱਚ ਸਵਾਲ ਪੁੱਛੇ ਜਾਂਦੇ ਹਨ ਤੇ ਉਹ ਦਾਣਿਆਂ ਦੀ ਮੁੱਠੀ ਭਰਦਾ ਹੈ। ਉਹ ਇਹਨਾਂ ਨੂੰ ਆਪਣੇ ਸਾਹਮਣੇ ਜ਼ਮੀਨ ’ਤੇ ਸੁੱਟਦਾ ਹੈ, ਤੇ ਗਿਣਤੀ ਚੰਗਾ ਜਾਂ ਮਾੜਾ ਜਵਾਬ ਦੱਸਦੀ ਹੈ।
ਸ਼ਰਧਾਲੂ ਧੂਫ਼-ਬੱਤੀ ਦੀ ਸੁਆਹ ਇਕੱਠੀ ਕਰਦੇ ਹਨ ਜਿਸਨੂੰ ਉਹ ਪਵਿੱਤਰ ਮੰਨ ਕੇ ਨਿਗਲ ਲੈਂਦੇ ਹਨ – ਪਰੇਸ਼ਾਨੀਆਂ ਤੋਂ ਛੁਟਕਾਰਾ ਦੇਣ ਵਾਲੀ ਦਵਾਈ। ਮਰਹਈ ਮਾਤਾ ਦੇ ਪ੍ਰਸਾਦ ਦੀ ਆਰਾਮ ਦੇਣ ਵਾਲੇ ਗੁਣ ਦੀ ਕਾਫ਼ੀ ਮਾਨਤਾ ਹੈ। “ਜਿੰਨਾ ਕੁ ਮੈਨੂੰ ਪਤਾ ਹੈ, ਇਹ ਕਦੇ ਬੇਅਸਰ ਨਹੀਂ ਹੋਇਆ,” ਪੰਡੇ ਨੇ ਮੁਸਕੁਰਾਉਂਦਿਆਂ ਕਿਹਾ।
ਇੱਥੇ ਦੇ ਲੋਕ ਕਹਿੰਦੇ ਹਨ ਕਿ ਇਲਾਜ ਵਿੱਚ ਅੱਠ ਦਿਨ ਲਗਦੇ ਹਨ। ਉਸ ਤੋਂ ਬਾਅਦ, ਭਈਆ ਲਾਲ ਕਹਿੰਦੇ ਹੈ, “ਤੁਸੀਂ ਆਪਣੀ ਪਸੰਦ ਨਾਲ ਦੇਵੀ ਨੂੰ ਕੁਝ ਵੀ ਚੜ੍ਹਾ ਸਕਦੇ ਹੋ: ਨਾਰੀਅਲ ਜਾਂ ਅਠਵਾਈ (ਕਣਕ ਦੀਆਂ ਨਿੱਕੀਆਂ ਪੂੜੀਆਂ), ਕੰਨਿਆ ਭੋਜਨ ਜਾਂ ਭਾਗਵਤ – ਇਹ ਲਾਭਪਾਤਰੀ ’ਤੇ ਨਿਰਭਰ ਹੈ।”
‘ਸਭ ਨੂੰ ਦੁੱਖ ਹੈ ਕਿ ਅਸੀਂ ਆਪਣੀ ਜ਼ਮੀਨ ਗੁਆ ਰਹੇ ਹਾਂ। ਪਰ ਮੈਨੂੰ ਜਿਆਦਾ ਦੁੱਖ ਇਸ ਗੱਲ ਦਾ ਹੈ ਕਿ ਅਸੀਂ ਇਹ ਪਵਿੱਤਰ ਥਾਂ ਗੁਆ ਦਿਆਂਗੇ। ਜੇ ਪਿੰਡ ਵਾਸੀ ਕੰਮ ਦੀ ਤਲਾਸ਼ ਵਿੱਚ ਕਿਤੇ ਹੋਰ ਜਾਣ ਦਾ ਫੈਸਲਾ ਕਰ ਲੈਣ, ਤਾਂ ਕੀ ਪਤਾ ਸਾਡੇ ਲੋਕਾਂ ਨਾਲ ਕੀ ਹੋਵੇਗਾ’
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਟਾਈਫਾਈਡ (ਜਿਸਨੂੰ ਆਮ ਕਰਕੇ ਬਾਬਾਜੂ ਦੀ ਬਿਮਾਰੀ ਕਹਿੰਦੇ ਹਨ, ਬਾਬਾਜੂ ਇੱਕ ਰੱਬੀ ਰੂਹ ਹੈ) ਬਹੁਤ ਹੀ ਆਮ ਹੈ। ਔਰਤਾਂ ਦੀ ਸਿਹਤ ਅਤੇ ਬੱਚਿਆਂ ਦੀ ਪੈਦਾਇਸ਼ ਸੂਬੇ ਭਰ ਵਿੱਚ ਅਣਗੌਲੀ ਰਹਿੰਦੀ ਹੈ। 2019-20 ਦੇ ਕੌਮੀ ਪਰਿਵਾਰਕ ਸਿਹਤ ਸਰਵੇ ਮੁਤਾਬਕ 1,000 ਜਨਮਾਂ ਪਿੱਛੇ 41 ਮੌਤਾਂ ਨਾਲ ਮੱਧ ਪ੍ਰਦੇਸ਼ ਦੇਸ਼ ਭਰ ਵਿੱਚ ਬਾਲ ਮੌਤ ਦਰ ਵਿੱਚ ਮੋਹਰੀ ਹੈ।
ਪੰਨਾ ਟਾਈਗਰ ਰਿਜ਼ਰਵ ਦੇ ਆਲੇ-ਦੁਆਲੇ ਦੇ ਪਿੰਡ ਕਾਰਜਸ਼ੀਲ ਸਿਹਤ ਸੇਵਾਵਾਂ ਤੋਂ ਸੱਖਣੇ ਹਨ – ਸਭ ਤੋਂ ਨੇੜਲਾ ਸਰਕਾਰੀ ਹਸਪਤਾਲ 54 ਕਿਲੋਮੀਟਰ ਦੂਰ ਪੰਨਾ ਸ਼ਹਿਰ ਵਿੱਚ ਹੈ, ਤੇ 22 ਕਿਲੋਮੀਟਰ ਦੂਰ ਅਮਾਨਗੰਜ ਵਿੱਚ ਇੱਕ ਮੁੱਢਲਾ ਸਿਹਤ ਕੇਂਦਰ ਹੈ।
“ਇੱਥੋਂ ਦੇ ਲੋਕ ਡਾਕਟਰਾਂ ਕੋਲ ਤੇ ਹਸਪਤਾਲਾਂ ਵਿੱਚ ਜਾਣ ਅਤੇ ਉਹਨਾਂ ਦੁਆਰਾ ਦੱਸੀਆਂ ਦਵਾਈਆਂ ਲੈਣ ਤੋਂ ਘਬਰਾਉਂਦੇ ਹਨ,” ਪੰਨਾ ਵਿੱਚ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਸੱਤ ਸਾਲਾਂ ਤੋਂ ਕੰਮ ਰਹੀ ਇੱਕ NGO, ਕੋਸ਼ਿਕਾ ਨਾਲ ਕੰਮ ਕਰਦੀ ਦੇਵਸ਼੍ਰੀ ਸੋਮਾਨੀ ਨੇ ਕਿਹਾ। “ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਉਹਨਾਂ ਨੂੰ ਉਹਨਾਂ ਦੇ ਸੱਭਿਆਚਾਰਕ-ਡਾਕਟਰੀ ਦਸਤੂਰਾਂ ਦਾ ਆਦਰ ਕਰਦੇ ਹੋਏ ਡਾਕਟਰਾਂ ਕੋਲ ਲਿਜਾਣਾ ਰਿਹਾ ਹੈ,” ਉਹਨੇ ਦੱਸਿਆ। “ਇਹਨਾਂ ਪਿੰਡਾਂ ਦੇ ਲੋਕਾਂ ਦਾ ਮੰਨਣਾ ਹੈ ਕਿ ਬਿਮਾਰੀ ਮਹਿਜ਼ ਲੱਛਣ ਹੁੰਦੀ ਹੈ, ਜੋ ਕਿਸੇ ਦੇਵੀ-ਦੇਵਤੇ ਜਾਂ ਮਰ ਚੁੱਕੇ ਪੂਰਵਜ ਦੇ ਗੁੱਸੇ ਕਾਰਨ ਹੁੰਦੀ ਹੈ।”
ਐਲੋਪੈਥਿਕ ਦਵਾਈਆਂ ਦੇ ਢਾਂਚੇ ਅੰਦਰ ਵੀ, ਉਹਨਾਂ ਨੂੰ ਪ੍ਰਾਪਤ ਹੋਣ ਵਾਲਾ ‘ਇਲਾਜ’ ਅਕਸਰ ਉਹਨਾਂ ਦੀ ਜਾਤੀ ਪਛਾਣ ਦੁਆਰਾ ਪ੍ਰਭਾਵਿਤ ਹੁੰਦਾ ਹੈ ਜਿਸ ਕਾਰਨ ਉਹ ਅਜਿਹੇ ਉਪਚਾਰਾਂ ਲੱਭਣ ਦੇ ਮਾਮਲੇ ’ਚ ਹੋਰ ਸਾਵਧਾਨ ਰਹਿੰਦੇ ਹਨ, ਦੇਵਸ਼੍ਰੀ ਨੇ ਦੱਸਿਆ।
*****
ਇਸ ਇਲਾਕੇ ਵਿੱਚ ਪ੍ਰਸਤਾਵਿਤ ਕੇਨ-ਬੇਤਵਾ ਦਰਿਆ ਲਿੰਕ ਪ੍ਰਾਜੈਕਟ (KBRLP) ਪੰਨਾ ਤੇ ਛਤਰਪੁਰ ਦੇ ਕਈ ਪਿੰਡਾਂ ਨੂੰ ਡੁਬਾ ਦੇਵੇਗਾ। ਭਾਵੇਂ ਕਿ ਇਹ ਦਹਾਕਿਆਂ ਤੋਂ ਪਾਈਪਲਾਈਨ ਵਿੱਚ ਹੈ, ਪਰ ਇਲਾਕੇ ਦੇ ਲੋਕ ਨਹੀਂ ਜਾਣਦੇ ਕਿ ਉਹਨਾਂ ਨੂੰ ਕਿਹਨਾਂ ਮੁਸ਼ਕਿਲਾਂ ਵਿੱਚੋਂ ਗੁਜ਼ਰਨਾ ਪਵੇਗਾ ਤੇ ਕਦੋਂ। “ਖੇਤੀ ਬੰਦ ਹੈ ਅਬ (ਖੇਤੀ ਬੰਦ ਹੋ ਚੁੱਕੀ ਹੈ),” ਇਹ ਦੱਸਦਿਆਂ ਕਿ ਬਦਲਾਅ ਅਟੱਲ ਹੈ, ਲੋਕਾਂ ਨੇ ਦੱਸਿਆ। (ਪੜ੍ਹੋ: ਉਜਾੜਨਾ ਹੀ ਹੈ: ਕਦੇ ਚੀਤਿਆਂ ਲਈ ਤੇ ਕਦੇ ਡੈਮ ਲਈ)
ਬਸ ਉਹ ਇਹ ਜਾਣਦੇ ਹਨ “ਅਸੀਂ ਆਪਣੀ ਭਗਵਤੀ ਨੂੰ ਆਪਣੇ ਨਾਲ ਲੈ ਕੇ ਜਾਵਾਂਗੇ,” ਭਈਆ ਲਾਲ ਨਿਸ਼ਚਿਤ ਤੌਰ ’ਤੇ ਕਹਿੰਦਾ ਹੈ। “ਸਭ ਨੂੰ ਦੁੱਖ ਹੈ ਕਿ ਅਸੀਂ ਆਪਣੀ ਜ਼ਮੀਨ ਗੁਆ ਰਹੇ ਹਾਂ। ਪਰ ਮੈਨੂੰ ਸਭ ਤੋਂ ਵੱਧ ਦੁੱਖ ਇਸ ਗੱਲ ਦਾ ਹੈ ਕਿ ਅਸੀਂ ਇਹ ਪਵਿੱਤਰ ਸਥਾਨ ਗੁਆ ਦੇਵਾਂਗੇ। ਜੇ ਪਿੰਡ ਵਾਸੀ ਕੰਮ ਦੀ ਤਲਾਸ਼ ਵਿੱਚ ਕਿਤੇ ਹੋਰ ਜਾਣ ਦਾ ਫੈਸਲਾ ਕਰ ਲੈਣਗੇ, ਤਾਂ ਕੀ ਪਤਾ ਸਾਡੇ ਲੋਕਾਂ ਦਾ ਕੀ ਬਣੇਗਾ। ਪਿੰਡ ਖਿੰਡ-ਪੁੰਡ ਜਾਵੇਗਾ। ਜੇ ਸਾਨੂੰ ਕੋਈ ਅਜਿਹੀ ਜਗ੍ਹਾ ਦੇ ਦਿੱਤੀ ਜਾਵੇ ਜਿੱਥੇ ਭਗਵਤੀ ਨੂੰ ਮੁੜ ਵਸਾਇਆ ਜਾ ਸਕੇ, ਤਾਂ ਅਸੀਂ ਸਾਰੇ ਸੁਰੱਖਿਅਤ ਰਹਾਂਗੇ,” ਉਹਨੇ ਕਿਹਾ।
ਸੰਤੋਸ਼ ਕੁਮਾਰ 10 ਕਿਲੋਮੀਟਰ ਦੂਰ ਮਝਗਾਵਾਂ ਤੋਂ ਆਇਆ ਹੈ। ਉਹ 40 ਸਾਲ ਤੋਂ ਲਗਾਤਾਰ ਮੰਦਿਰ ਆ ਰਿਹਾ ਹੈ। “ਤਸੱਲੀ ਮਿਲਤੀ ਹੈ (ਤਸੱਲੀ ਮਿਲਦੀ ਹੈ),” 58 ਸਾਲਾ ਸੰਤੋਸ਼ ਨੇ ਕਿਹਾ।
“ਹੁਣ ਕਿਉਂਕਿ ਸਾਨੂੰ ਜਾਣਾ ਪੈਣਾ ਹੈ, ਮੈਂ ਸੋਚਿਆ ਕਿ ਅਗਲੇ ਇੱਕ-ਦੋ ਸਾਲ ਦੇਵੀ ਦੇ ਦਰਸ਼ਨ ਨਹੀਂ ਕਰ ਪਾਵਾਂਗਾ, ਇਸ ਲਈ ਆ ਗਿਆ,” ਪੰਜ-ਛੇ ਏਕੜ ਜ਼ਮੀਨ ਵਿੱਚ ਮਸੂਰ, ਛੋਲੇ ਤੇ ਕਣਕ ਦੀ ਖੇਤੀ ਕਰਨ ਵਾਲੇ ਕਿਸਾਨ ਨੇ ਕਿਹਾ।
ਭਈਆ ਲਾਲ ਨੂੰ ਨਹੀਂ ਪਤਾ ਕਿ ਉਹਦਾ 20 ਕੁ ਸਾਲ ਦਾ ਬੇਟਾ ਦੇਵੀ ਦੀ ਸੇਵਾ ਕਰਨ ਦੀ ਰਵਾਇਤ ਨਿਭਾਏਗਾ ਜਾਂ ਨਹੀਂ, “ਵੋ ਤੋ ਉਨਕੇ ਊਪਰ ਹੈ (ਇਹ ਤਾਂ ਉਹਦੀ ਮਰਜੀ ਹੈ),” ਉਹਨੇ ਹੱਸ ਕੇ ਕਿਹਾ। ਉਹਦਾ ਬੇਟਾ ਉਹਨਾਂ ਦੀ ਪੰਜ ਏਕੜ ਜ਼ਮੀਨ ’ਤੇ ਵਾਹੀ ਕਰਦਾ ਹੈ ਤੇ ਕਣਕ ਤੇ ਸਰ੍ਹੋਂ ਉਗਾਉਂਦਾ ਹੈ। ਉਹ ਕੁਝ ਕੁ ਫ਼ਸਲ ਵੇਚ ਕੇ ਬਾਕੀ ਆਪਣੀ ਵਰਤੋਂ ਲਈ ਰੱਖ ਲੈਂਦੇ ਹਨ।
“ਆਰਾਮ ਮਿਲਤੀ ਹੈ (ਆਰਾਮ ਮਿਲਦਾ ਹੈ),” ਅਮਾਨਗੰਜ ਤੋਂ ਆਈ ਕਿਸਾਨ ਮਧੂ ਬਾਈ ਨੇ ਕਿਹਾ। “ਦਰਸ਼ਨ ਕੇ ਲੀਏ ਆਏ ਹੈਂ (ਦਰਸ਼ਨ ਕਰਨ ਆਏ ਹਾਂ),” ਹੋਰਨਾਂ ਔਰਤਾਂ ਨਾਲ ਜ਼ਮੀਨ ’ਤੇ ਬੈਠੀ 40 ਸਾਲਾ ਮਧੂ ਬਾਈ ਨੇ ਕਿਹਾ, ਤੇ ਪਿੱਛੇ ਲਗਾਤਾਰ ਗਾਇਨ ਤੇ ਢੋਲ ਦੀ ਥਾਪ ਦੀ ਲੈਅਦਾਰ ਆਵਾਜ਼ ਸੁਣਾਈ ਦੇ ਰਹੀ ਹੈ।
ਜਦ ਉਹ ਗੱਲ ਕਰ ਰਹੀ ਹੈ ਤਾਂ ਢੋਲ ਤੇ ਹਾਰਮੋਨੀਅਮ ਦੀ ਆਵਾਜ਼ ਦੀ ਗੂੰਜ ਅਸਮਾਨ ਤੱਕ ਪਹੁੰਚ ਜਾਂਦੀ ਹੈ, ਜਿਸ ਨਾਲ ਇੱਕ-ਦੂਜੇ ਦੀ ਗੱਲ ਨੇੜਿਉਂ ਸੁਣ ਪਾਉਣਾ ਵੀ ਅਸੰਭਵ ਹੋ ਜਾਂਦਾ ਹੈ। “ਦਰਸ਼ਨ ਕਰਕੇ ਆਤੇ ਹੈਂ (ਦਰਸ਼ਨ ਕਰਕੇ ਆਉਂਦੇ ਹਾਂ),” ਉੱਠ ਕੇ ਆਪਣੀ ਸਾੜ੍ਹੀ ਠੀਕ ਕਰਦਿਆਂ ਉਹਨੇ ਕਿਹਾ।
ਤਰਜਮਾ: ਕਮਲਜੀਤ ਕੌਰ