ਉਹਨੇ ਬਗ਼ੈਰ ਸੋਚੇ ਮੇਰੇ 'ਤੇ ਹੱਥ ਚੁੱਕਿਆ
ਆਪਣੇ ਮਨ ਵਿੱਚ ਸ਼ੱਕ ਭਰਿਆ
ਮੇਰੇ ਆਜੜੀ ਸਰਦਾਰ ਨੇ ਵੀ ਮੈਨੂੰ ਕੁੱਟਿਆ
ਪਰ ਮੇਰੀ ਕੋਈ ਗ਼ਲਤੀ ਹੀ ਨਹੀਂ ਸੀ
ਲੋਕ ਗੀਤ ਦੀ ਇਹ ਸ਼ੁਰੂਆਤੀ ਲਾਈਨ ਨਿਸ਼ਚਤ ਤੌਰ 'ਤੇ ਕਾਫ਼ੀ ਹੈਰਾਨ ਕਰਨ ਵਾਲ਼ੀ ਹੈ। ਹਾਲਾਂਕਿ, ਇਹ ਅਲਫ਼ਾਜ਼ ਇੱਕ ਤਲਖ਼ ਹਕੀਕਤ ਤੋਂ ਛੁੱਟ ਹੋਰ ਕੁਝ ਨਹੀਂ, ਉਹ ਇੱਕ ਸੱਚਾਈ ਹੈ ਜੋ ਗੁਜਰਾਤ ਦੇ ਕੱਛ ਖੇਤਰ ਵਿੱਚ ਆਮ ਵਾਪਰਦੀ ਹੈ, ਜਿਸ ਕਾਰਨ ਇਹ ਧਰਤੀ ਇਸ ਲੋਕ ਗੀਤ ਦੀ ਪੈਦਾਇਸ਼ ਦਾ ਸਬਬ ਬਣੀ।
ਨਜ਼ਦੀਕੀ ਸਾਥੀ ਹਿੰਸਾ, ਜਿਸ ਵਿੱਚ ਪਤਨੀਆਂ ਵਿਰੁੱਧ ਸਰੀਰਕ ਸ਼ੋਸ਼ਣ ਵਰਗੇ ਕੰਮ ਸ਼ਾਮਲ ਹਨ, ਪਹਿਲਾਂ ਹੀ ਇੱਕ ਵਿਸ਼ਵਵਿਆਪੀ ਸਮੱਸਿਆ ਹੈ। ਇਹ ਔਰਤਾਂ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਅਤੇ ਜਨਤਕ ਸਿਹਤ ਦਾ ਮੁੱਦਾ ਵੀ ਹੈ। ਔਰਤਾਂ ਵਿਰੁੱਧ ਹਿੰਸਾ ਬਾਰੇ ਸੰਯੁਕਤ ਰਾਸ਼ਟਰ ਦੇ ਗਲੋਬਲ ਅੰਕੜੇ ਦੱਸਦੇ ਹਨ ਕਿ ਤਿੰਨ ਵਿੱਚੋਂ ਇੱਕ ਔਰਤ ਨੂੰ ਆਪਣੇ ਸਾਥੀ ਤੋਂ ਕਿਸੇ ਨਾ ਕਿਸੇ ਕਿਸਮ ਦੀ ਸਰੀਰਕ ਅਤੇ ਜਿਣਸੀ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੀ ਕੋਈ ਪਤੀ ਆਪਣੀ ਪਤਨੀ ਨੂੰ ਮਾਰਨ ਜਾਂ ਕੁੱਟਣ ਨੂੰ ਜਾਇਜ਼ ਠਹਿਰਾ ਸਕਦਾ ਹੈ ?
ਰਾਸ਼ਟਰੀ ਪਰਿਵਾਰ ਅਤੇ ਸਿਹਤ ਸਰਵੇਖਣ, 2019-2021 ( ਐੱਨਐੱਚਐੱਫ਼ਐੱਸ-5 ) ਦੇ ਅਨੁਸਾਰ, ਗੁਜਰਾਤ ਵਿੱਚ 30 ਪ੍ਰਤੀਸ਼ਤ ਤੋਂ ਵੱਧ ਔਰਤਾਂ ਅਤੇ 28 ਪ੍ਰਤੀਸ਼ਤ ਤੋਂ ਵੱਧ ਮਰਦਾਂ ਨੇ ਇਸ ਸਵਾਲ ਦਾ ਹਾਂ ਵਿੱਚ ਜਵਾਬ ਦਿੱਤਾ। ਸਰਵੇਖਣ ਕੀਤੇ ਗਏ ਲੋਕਾਂ ਨੇ ਪਤਨੀ ਨੂੰ ਕੁੱਟਣ ਦੇ ਕਿਹੜੇ ਕਾਰਨਾਂ ਨੂੰ ਜਾਇਜ਼ ਸਮਝਿਆ? ਕਈ ਕਾਰਨ ਸ਼ਾਮਲ ਕੀਤੇ ਗਏ ਸਨ: ਜਿਵੇਂ ਕਿ ਬੇਵਫਾਈ ਦਾ ਸ਼ੱਕ, ਝਗੜਾਲੂ ਸੁਭਾਅ, ਜਿਣਸੀ ਸਬੰਧ ਬਣਾਉਣ ਤੋਂ ਇਨਕਾਰ ਕਰਨਾ, ਪਤੀ ਨੂੰ ਸੂਚਿਤ ਕੀਤੇ ਬਿਨਾਂ ਘਰੋਂ ਬਾਹਰ ਜਾਣਾ, ਘਰੇਲੂ ਫਰਜ਼ਾਂ ਦੀ ਅਣਦੇਖੀ ਕਰਨਾ ਅਤੇ ਸੁਆਦੀ ਖਾਣਾ ਨਾ ਪਕਾਉਣਾ।
ਇੱਕ ਅੰਕੜਾ ਰਾਸ਼ਟਰੀ ਸਰਵੇਖਣ ਦੀ ਤਰ੍ਹਾਂ ਪਰ ਥੋੜ੍ਹੇ ਜਿਹੇ ਦਿਲਚਸਪ ਤਰੀਕੇ ਨਾਲ, ਲੋਕ ਗੀਤ ਅਕਸਰ ਸਮਾਜ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਪੇਸ਼ ਕਰਦੇ ਹਨ। ਉਹ ਔਰਤਾਂ ਦੇ ਭਾਈਚਾਰੇ ਦੇ ਰੁਤਬੇ ਦੀ ਸੱਚਾਈ ਨੂੰ ਆਪਣੀ ਅੰਦਰੂਨੀ ਦੁਨੀਆਂ ਨੂੰ ਪ੍ਰਗਟ ਕਰਦੇ ਹਨ। ਦੂਜੇ ਸ਼ਬਦਾਂ ਵਿੱਚ, ਉਹ ਦਰਸਾਉਂਦੇ ਹਨ ਕਿ ਕਿਵੇਂ ਭਾਈਚਾਰਾ ਔਰਤਾਂ ਦੀਆਂ ਅੰਦਰੂਨੀ ਭਾਵਨਾਵਾਂ ਨੂੰ ਗੁੰਝਲਦਾਰ ਢੰਗ ਨਾਲ਼ ਪ੍ਰਭਾਵਿਤ ਕਰਦਾ ਹੈ, ਜੋ ਇਨ੍ਹਾਂ ਲੋਕ ਗੀਤਾਂ ਰਾਹੀਂ ਪ੍ਰਕਾਸ਼ ਵਿੱਚ ਆਉਂਦੇ ਹਨ।
ਤੁਸੀਂ ਸ਼ਾਇਦ ਇਨ੍ਹਾਂ ਲੋਕ ਗੀਤਾਂ ਨੂੰ ਪੀੜਤਾਂ ਦੀ ਸ਼ਕਤੀਸ਼ਾਲੀ ਆਵਾਜ਼ ਵਜੋਂ ਨਾ ਪਛਾਣੋ। ਹੋ ਸਕਦਾ ਹੈ ਤੁਹਾਡੀ ਇਸ ਬਾਰੇ ਆਪਣੀ ਸਮਝ ਹੋਵੇ। ਉਦਾਹਰਣ ਵਜੋਂ, ਇਸ ਪੇਸ਼ ਕੀਤੇ ਲੋਕ ਗੀਤ ਵਿੱਚ, ਇਹ ਸਪੱਸ਼ਟ ਨਹੀਂ ਹੈ ਕਿ ਔਰਤ ਆਪਣੇ ਪਤੀ ਦੁਆਰਾ ਪ੍ਰੇਮ ਗੀਤ ਦੀ ਆੜ ਵਿੱਚ ਕੀਤੀ ਗਈ ਹਿੰਸਾ ਦੀ ਨਿੰਦਾ ਕਰ ਰਹੀ ਹੈ ਜਾਂ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਆਪਣੇ ਉੱਤੇ ਹੁੰਦੇ ਜ਼ੁਲਮ ਦਾ ਹਿੱਸਾ ਬਣ ਰਹੀ ਹੈ। ਇਹ ਵੀ ਅਸਪਸ਼ਟ ਹੈ ਕਿ ਜਦੋਂ ਉਹ ਆਪਣੇ ਪਤੀ ਨੂੰ "ਮਲਾਧਾਰੀ ਰਾਨੋ" (ਚਰਵਾਹਿਆਂ ਦੀ ਮੁਖੀ) ਕਹਿੰਦੀ ਹੈ, ਤਾਂ ਉਹ ਅਸਲ ਵਿੱਚ ਆਪਣੇ ਹਿੰਸਕ ਪਤੀ ਵਿਰੁੱਧ ਲੁਕਵੀਂ ਬਗਾਵਤ ਜ਼ਾਹਰ ਕਰ ਰਹੀ ਹੈ ਜਾਂ ਨਹੀਂ।
ਇਸ ਲੋਕ ਗੀਤ ਵਿੱਚ ਔਰਤਾਂ ਨੂੰ ਨਿਆਂ ਦਿਵਾਉਣ ਜਾਂ ਸਥਾਪਤ ਪ੍ਰਣਾਲੀ ਨੂੰ ਚੁਣੌਤੀ ਦੇਣ ਦੀ ਸ਼ਕਤੀ ਨਹੀਂ ਹੋ ਸਕਦੀ। ਪਰ ਅਜਿਹੇ ਗੀਤ ਉਨ੍ਹਾਂ ਨੂੰ ਇਨ੍ਹਾਂ ਗੀਤਾਂ ਰਾਹੀਂ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਦੀਆਂ ਕਠੋਰ ਹਕੀਕਤਾਂ ਨੂੰ ਆਵਾਜ਼ ਦੇਣ ਦਾ ਮੌਕਾ ਦਿੰਦੇ ਹਨ। ਇਨ੍ਹਾਂ ਗੀਤਾਂ ਵਿੱਚ ਜਿਸ ਸਪਸ਼ਟਤਾ ਨਾਲ ਸ਼ਕਤੀਸ਼ਾਲੀ ਭਾਵਨਾਵਾਂ ਨੂੰ ਪ੍ਰਗਟ ਕੀਤਾ ਗਿਆ ਹੈ, ਉਹ ਔਰਤਾਂ ਨੂੰ ਅਸਥਾਈ ਤੌਰ 'ਤੇ ਉਸ ਦਰਦ ਨੂੰ ਭੁੱਲਣ ਦੀ ਆਗਿਆ ਦਿੰਦੀ ਹੈ ਜੋ ਉਨ੍ਹਾਂ ਦੇ ਅੰਦਰ ਡੂੰਘਾ ਰਹਿੰਦਾ ਹੈ, ਜਿਸ ਨੂੰ ਉਹ ਸ਼ਾਇਦ ਹੀ ਕਿਸੇ ਨਾਲ ਸਾਂਝਾ ਕਰ ਸਕਦੀਆਂ ਹਨ। ਸ਼ਾਇਦ ਇਹ ਇਨ੍ਹਾਂ ਗੀਤਾਂ ਨਾਲ ਜੁੜੀਆਂ ਜਾਣੀਆਂ-ਪਛਾਣੀਆਂ ਧੁਨਾਂ ਤੋਂ ਪ੍ਰਾਪਤ ਰਾਹਤ ਅਤੇ ਨਿੱਘ ਹੈ ਜੋ ਔਰਤਾਂ ਨੂੰ ਆਪਣੀ ਜ਼ਿੰਦਗੀ ਦੇ ਅਸਹਿ ਦਰਦਾਂ ਨੂੰ ਬਿਆਨ ਕਰਨ ਅਤੇ ਇੱਕ ਅਜਿਹੇ ਸਮਾਜ ਵਿੱਚ ਇੱਕ ਹੋਰ ਦਿਨ ਜਿਉਣ ਦੀ ਤਾਕਤ ਇਕੱਠੀ ਕਰਨ ਦੀ ਸ਼ਕਤੀ ਦਿੰਦੀ ਹੈ ਜਿੱਥੇ ਉਨ੍ਹਾਂ ਨੂੰ ਢਾਂਚਾਗਤ ਪੱਧਰ 'ਤੇ ਨਾਮਾਤਰ ਸਮਰਥਨ ਮਿਲ਼ਦਾ ਹੈ।
કરછી
રે ગુનો જો મારે મૂ મે ખોટા વેમ ધારે,
મુંજા માલધારી રાણા મૂકે રે ગુનો જો મારે
રે ગુનો જો મારે મૂ મે ખોટા વેમ ધારે,
મુંજા માલધારી રાણા મૂકે રે ગુનો જો મારે
કડલા પૅરીયા ત છોરો આડી નજર નારે (૨),
આડી નજર નારે મૂ મેં વેમ ખોટો ધારે
મૂજો માલધારી રાણૂ મૂકે રે ગુનો જો મારે (2)
રે ગુનો જો મારે મૂ મેં ખોટા વેમ ધારે
મૂજો માલધારી રાણૂ મૂકે રે ગુનો જો મારે
બંગલી પૅરીયા ત મૂંજે હથેં સામૂં નારે (૨)
હથેં સામૂં નારે મૂ મેં વેમ ખોટો ધારે
રે ગુનો જો મારે મૂ મેં ખોટા વેમ ધારે
મૂજો માલધારી રાણૂ મૂકે રે ગુનો જો મારે
માલધારી રાણા મૂકે રે ગુનો જો મારે (2)
રે ગુનો જો મારે મૂ મેં ખોટા વેમ ધારે
મૂજો માલધારી રાણૂ મૂકે રે ગુનો જો મારે
હારલો પૅરીયા ત મૂંજે મોં કે સામૂં નારે (૨)
મોં કે સામૂં નારે મૂ મેં ખોટા વેમ ધારે,
રે ગુનો જો મારે મૂ મેં ખોટા વેમ ધારે
મૂજો માલધારી રાણૂ મૂકે રે ગુનો જો મારે (2)
રે ગુનો જો મારે મૂ મેં વેમ ખોટો ધારે,
મૂજો માલધારી રાણૂ મૂકે રે ગુનો જો મારે
નથડી પૅરીયા ત મૂંજે મોં કે સામૂં નારે (૨)
મોં કે સામૂં નારે મૂ મેં વેમ ખોટો ધારે,
મૂજા માલધારી રાણૂ મૂકે રે ગુનો જો મારે (2)
રે ગુનો જો મારે મૂ મેં વેમ ખોટો ધારે,
માલધારી રાણૂ મૂકે રે ગુનો જો મારે
ਪੰਜਾਬੀ
ਉਹਨੇ ਬਗ਼ੈਰ ਸੋਚੇ ਮੇਰੇ 'ਤੇ ਹੱਥ ਚੁੱਕਿਆ
ਆਪਣੇ ਮਨ ਵਿੱਚ ਸ਼ੱਕ ਭਰਿਆ
ਮੇਰੇ ਆਜੜੀ ਸਰਦਾਰ ਨੇ ਵੀ ਮੈਨੂੰ ਕੁੱਟਿਆ
ਪਰ ਮੇਰੀ ਕੋਈ ਗ਼ਲਤੀ ਹੀ ਨਹੀਂ ਸੀ
ਜੇ ਮੈਂ ਝਾਂਜਰ ਪਾ ਲਵਾਂ
ਤਾਂ ਉਹ ਚੀਕ ਉੱਠਦਾ ਏ
ਮੈਨੂੰ ਘੂਰ-ਘੂਰ ਵਹਿੰਦਾ ਏ
ਆਪਣੇ ਅੰਦਰ ਫ਼ਾਲਤੂ ਵਹਿਮ ਪਾਲ਼ ਬਹਿੰਦਾ ਏ
ਮੇਰੇ ਆਜੜੀ ਸਰਦਾਰ ਨੇ ਵੀ ਮੇਰਾ ਭਰੋਸਾ ਨਾ ਕੀਤਾ
ਉਹਨੇ ਬਗ਼ੈਰ ਸੋਚੇ ਮੇਰੇ 'ਤੇ ਹੱਥ ਚੁੱਕਿਆ
ਆਪਣੇ ਮਨ ਵਿੱਚ ਸ਼ੱਕ ਭਰਿਆ
ਜੇ ਮੈਂ ਚੂੜੀਆਂ ਪਾ ਲਵਾਂ
ਤਾਂ ਉਹ ਚੀਕ ਉੱਠਦਾ ਏ
ਮੇਰੇ ਹੱਥਾਂ ਵੱਲ ਘੂਰੀਆਂ ਵੱਟ-ਵੱਟ ਵਹਿੰਦਾ ਏ
ਮਨ ਅੰਦਰ ਪਤਾ ਨਹੀਂ ਕੀ ਕੀ ਬੁਣ ਲੈਂਦਾ ਏ
ਮੇਰੇ ਆਜੜੀ ਸਰਦਾਰ ਨੇ ਵੀ ਮੇਰਾ ਭਰੋਸਾ ਨਾ ਕੀਤਾ
ਉਹਨੇ ਬਗ਼ੈਰ ਸੋਚੇ ਮੇਰੇ 'ਤੇ ਹੱਥ ਚੁੱਕਿਆ
ਆਪਣੇ ਮਨ ਵਿੱਚ ਸ਼ੱਕ ਭਰਿਆ
ਜੇ ਮੈਂ ਗ਼ਲਤੀ ਨਾਲ਼ ਵੀ ਗਾਨੀ ਪਾ ਬੈਠਾਂ
ਉਹਦੇ ਤਿਓੜੀ ਚੜ੍ਹ ਜਾਂਦੀ ਏ
ਲੋਹਾ-ਲਾਖਾ ਹੋਇਆ ਮੇਰੇ ਵੱਲ ਵਹਿੰਦਾ ਏ
ਮਨੋਂ-ਮਨੀਂ ਤਹੁਮਤਾਂ ਛਾਪ ਬਹਿੰਦਾ ਏ
ਮੇਰੇ ਆਜੜੀ ਸਰਦਾਰ ਨੇ ਵੀ ਮੇਰਾ ਭਰੋਸਾ ਨਾ ਕੀਤਾ
ਉਹਨੇ ਬਗ਼ੈਰ ਸੋਚੇ ਮੇਰੇ 'ਤੇ ਹੱਥ ਚੁੱਕਿਆ
ਆਪਣੇ ਮਨ ਵਿੱਚ ਸ਼ੱਕ ਭਰਿਆ
ਜੇ ਕਿਤੇ ਮੈਂ ਕੋਕਾ ਪਾ ਲਵਾਂ
ਉਹਦੀਆਂ ਅੱਖਾਂ ਸੁਰਖ ਹੋ ਜਾਂਦੀਆਂ ਨੇ
ਸਾੜ ਸੁੱਟਣ ਵਾਲ਼ੀ ਨਜ਼ਰ ਨਾਲ਼ ਘੂਰਦਾ ਏ
ਮਨੋਂ-ਮਨੀਂ ਮੈਨੂੰ ਕੁਲਟਾ ਕਹਿੰਦਾ ਏ
ਮੇਰੇ ਆਜੜੀ ਸਰਦਾਰ ਨੇ ਵੀ ਮੇਰਾ ਭਰੋਸਾ ਨਾ ਕੀਤਾ
ਉਹਨੇ ਬਗ਼ੈਰ ਸੋਚੇ ਮੇਰੇ 'ਤੇ ਹੱਥ ਚੁੱਕਿਆ
ਆਪਣੇ ਮਨ ਵਿੱਚ ਸ਼ੱਕ ਭਰਿਆ
ਗੀਤ ਦੀ ਕਿਸਮ : ਪ੍ਰਗਤੀਸ਼ੀਲ
ਕਲੱਸਟਰ : ਜਾਗ੍ਰਿਤੀ ਦੇ ਗੀਤ
ਗੀਤ ਸੰਖਿਆ : 14
ਸਿਰਲੇਖ : ਮੁਜੋ ਮਾਲਧਾਰੀ ਰਾਣੂ ਮੁਕੇ ਜੇ ਗੁਨੋ ਜੋ ਮਾਰੇ
ਧੁਨ : ਦੇਵਲ ਮਹਿਤਾ
ਸੁਰ : ਜੁਮਾ ਵਾਘੇਰ, ਭਦ੍ਰੇਸਰ ਪਿੰਡ, ਮੁੰਦਰਾ ਤਾਲੁਕਾ
ਸਾਜ਼ : ਡਰੰਮ, ਹਰਮੋਨੀਅਮ, ਬੈਂਜੋ
ਰਿਕਾਰਡਿੰਗ ਦਾ ਵਰ੍ਹਾ : 2012, ਕੇਐੱਮਵੀਐੱਸ ਸਟੂਡੀਓ
ਇਹ ਸੁਰਵਾਣੀ ਵੱਲੋਂ ਰਿਕਾਰਡ ਕੀਤੇ ਗਏ 341 ਗੀਤਾਂ ਵਿੱਚੋਂ ਹੀ ਇੱਕ ਗੀਤ ਹੈ, ਜੋ ਇੱਕ ਭਾਈਚਾਰਕ ਰੇਡਿਓ ਸਟੇਸ਼ਨ ਹੈ। ਕੱਚ ਮਹਿਲਾ ਵਿਕਾਸ ਸੰਗਠਨ (ਕੇਐੱਮਵੀਐੱਸ) ਜ਼ਰੀਏ ਇਹ ਸੰਗ੍ਰਹਿ ਪਾਰੀ ਕੋਲ਼ ਪਹੁੰਚਿਆ ਹੈ। ਰਣ ਦੇ ਗੀਤ: ਕੱਛੀ ਲੋਕਗੀਤਾਂ ਦਾ ਪਟਾਰਾ
ਪ੍ਰੀਤੀ ਸੋਨੀ,ਕੇਐੱਮਵੀਐੱਸ ਦੀ ਸਕੱਤਰ ਅਰੁਣਾ ਢੋਲਕੀਆ ਤੇ ਕੇਐੱਮਵੀਐੱਸ ਦੇ ਪ੍ਰੋਜੈਕਟ ਕੋਆਰਡੀਨੇਟਰ ਅਮਦ ਸਮੇਜਾ ਨੂੰ ਉਨ੍ਹਾਂ ਦੇ ਸਹਿਯੋਗ ਦੇਣ ਲਈ ਸ਼ੁਕਰੀਆ ਅਦਾ ਕਰਦੇ ਹਨ ਤੇ ਨਾਲ਼ ਹੀ ਮੂਲ਼ ਕਵਿਤਾ ਤੋਂ ਅਨੁਵਾਦ ਵਿੱਚ ਮਦਦ ਦੇਣ ਲਈ ਭਾਰਤੀਭੇਨ ਗੋਰ ਦਾ ਵੀ ਤਨੋਂ-ਮਨੋਂ ਸ਼ੁਕਰੀਆ ਅਦਾ ਕਰਦੇ ਹਨ।
ਤਰਜਮਾ: ਕਮਲਜੀਤ ਕੌਰ